-ਟਰੰਪ ਨੂੰ ਤਾਕਤ ਨਾਲ ਸੱਤਾ ‘ਚ ਰੱਖਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ
– ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਹੋ ਸਕਦੀ ਹੈ ਸਜ਼ਾ
ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਸੰਸਦੀ ਕੰਪਲੈਕਸ ‘ਚ 6 ਜਨਵਰੀ 2021 ਨੂੰ ਹੋਈ ਬਗਾਵਤ ਦੇ ਸਬੰਧ ‘ਚ ਸਰਕਾਰ ਵਿਰੋਧੀ ਕੱਟੜਪੰਥੀ ਸਮੂਹ ‘ਓਥ ਕੀਪਰਜ਼’ ਦੇ 4 ਮੈਂਬਰਾਂ ਨੂੰ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ‘ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਾਕਤ ਨਾਲ ਸੱਤਾ ਵਿਚ ਰੱਖਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ, ਜੋ ਚੋਣ ਹਾਰ ਗਏ ਸਨ।
ਫਲੋਰੀਡਾ ਦੇ ਜੋਸੇਫ ਹੈਕੇਟ, ਟੈਕਸਾਸ ਦੇ ਰੌਬਰਟ ਮਿੰਟਾ, ਫਲੋਰੀਡਾ ਦੇ ਡੇਵਿਡ ਮੋਰਸ਼ੇਲ ਅਤੇ ਫੀਨਿਕਸ ਦੇ ਐਡਵਰਡ ਵੈਲੇਜੋ ਖ਼ਿਲਾਫ਼ ਇਹ ਫ਼ੈਸਲਾ ਉਸ ਸਮੇਂ ਆਇਆ, ਜਦੋਂ ਇੱਕ ਜੱਜ ਨੇ ਪਹਿਲਾਂ ਮਿਲੀਸ਼ੀਆ ‘ਓਥ ਕੀਪਰਸ’ ਦੇ ਨੇਤਾ ਸਟੀਵਰਟ ਰੋਡਜ਼ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਸੀ।
ਇਹ ਫ਼ੈਸਲਾ ਨਿਆਂ ਵਿਭਾਗ ਲਈ ਇਕ ਹੋਰ ਜਿੱਤ ਹੈ, ਜੋ ਯੂ.ਐੱਸ. ਦੇ ਸੱਜੇ ਪੱਖੀ ‘ਪ੍ਰਾਉਡ ਬੁਆਏਜ਼’ ਗਰੁੱਪ ਦੇ ਸਾਬਕਾ ਨੇਤਾ ਐਨਰੀਕ ਟੈਰੀਓ ਅਤੇ ਚਾਰ ਹੋਰ ਸਹਿਯੋਗੀਆਂ ਵਿਰੁੱਧ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਪੈਰਵੀ ਕਰ ਰਿਹਾ ਹੈ। ਹਾਲਾਂਕਿ ਜੱਜ ਨੇ ਅਜੇ ਸਜ਼ਾ ਸੁਣਾਉਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ।
ਵਕੀਲਾਂ ਅਨੁਸਾਰ, ਓਥ ਕੀਪਰਜ਼ ਨੇਤਾ ਸਟੀਵਰਟ ਰੋਡਸ ਅਤੇ ਉਸ ਦੇ ਕੱਟੜਪੰਥੀਆਂ ਨੇ 2020 ਦੀਆਂ ਚੋਣਾਂ ਦੇ ਤੁਰੰਤ ਬਾਅਦ ਟਰੰਪ ਨੂੰ ਸੱਤਾ ਵਿਚ ਰੱਖਣ ਲਈ ਇੱਕ ਹਥਿਆਰਬੰਦ ਬਗਾਵਤ ਤਿਆਰ ਕੀਤੀ ਸੀ। ਕਈ ਦਹਾਕਿਆਂ ਪਿਛੋਂ ਦੇਸ਼ਧ੍ਰੋਹ ਅਧੀਨ ਕਿਸੇ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।