ਅਮਰੀਕਾ ਦੇ ਕੋਲੋਰਾਡੋ ਰਾਜ ਵਿਚ ਪੁਲਿਸ ਨੇ ਹੱਥਕੜੀ ਲਾ ਕੇ ਸ਼ੱਕੀ ਦੋਸ਼ੀ ਨੂੰ ਰੇਲਵੇ ਪੱਟੜੀ ਉਪਰ ਖੜੀ ਆਪਣੀ ਕਾਰ ਵਿਚ ਛੱਡਿਆ

64

* ਗੱਡੀ ਨੇ ਮਾਰੀ ਟੱਕਰ , ਸ਼ੱਕੀ ਹੋਇਆ ਗੰਭੀਰ ਜ਼ਖਮੀ

ਸੈਕਰਾਮੈਂਟੋ, 26 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਕੋਲੋਰਾਡੋ ਰਾਜ ਦੀ ਪੁਲਿਸ ਨੇ ਇਕ ਸੜਕ ਹਾਦਸੇ ਵਿਚ ਗ੍ਰਿਫਤਾਰ ਕੀਤੇ ਇਕ ਸ਼ੱਕੀ ਦੋਸ਼ੀ ਨੂੰ ਹੱਥਕੜੀ ਲਾ ਕੇ ਰੇਲਵੇ ਪੱਟੜੀ ਉਪਰ ਖੜੀ ਆਪਣੀ ਕਾਰ ਵਿਚ ਛੱਡ ਦਿੱਤਾ। ਕੁਝ ਮਿੰਟਾਂ ਬਾਅਦ ਆਈ ਰੇਲ ਗੱਡੀ ਨੇ ਕਾਰ ਵਿਚ ਜਬਰਦਸਤ ਟੱਕਰ ਮਾਰੀ ਤੇ ਉਹ ਕਾਰ ਨੂੰ ਕਈ ਫੁੱਟ ਘਸੀਟ ਕੇ ਲੈ ਗਈ । ਕਾਰਾਂ ਬੁਰੀ ਤਰਾਂ ਤਬਾਹ ਹੋ ਗਈ। ਹਾਲਾਂ ਕਿ ਸ਼ੱਕੀ ਔਰਤ ਬਚ ਗਈ  ਹੈ ਪਰ ਉਸ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਕੋਲੋਰਾਡੋ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਸ਼ੱਕੀ ਔਰਤ ਯਾਰੇਨੀ ਰਿਓਸ ਗੌਂਜ਼ਾਲੇਜ਼ ਗੰਭੀਰ ਜ਼ਖਮੀ ਹੈ, ਉਸ ਦੇ ਸਰੀਰ ਦੇ ਕਈ ਥਾਵਾਂ ‘ਤੇ ਜ਼ਖਮ ਹਨ ਪਰੰਤੂ ਉਸ ਦੇ ਬਚ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਇਸ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ । ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਅਫਸਰਾਂ ਨੇ ਸ਼ੱਕੀ ਔਰਤ ਨੂੰ ਗ੍ਰਿਫਤਾਰ ਕਰਕੇ ਰੇਲਵੇ ਪੱਟੜੀ ਉਪਰ ਖੜੀ ਆਪਣੀ ਕਾਰ ਵਿਚ ਛੱਡ ਦਿੱਤਾ ਤੇ ਉਹ ਖੁਦ ਸ਼ੱਕੀ ਔਰਤ ਦੇ ਟਰੱਕ ਦੀ ਤਲਾਸ਼ੀ ਲੈਣ ਲੱਗ ਪਏ ਜੋ ਨਾਲ ਹੀ ਕਾਰ ਦੇ ਪਿੱਛੇ ਖੜਾ ਸੀ। ਕੁਝ ਪਲਾਂ ਵਿਚ ਹੀ ਆਈ ਰੇਲ ਗੱਡੀ ਨੇ ਕਾਰ ਵਿਚ ਟੱਕਰ ਮਾਰ ਦਿੱਤੀ। ਜਾਰੀ ਵੀਡੀਓ ਵਿਚ ਪੁਲਿਸ ਅਫਸਰ ਡਾਕਟਰੀ ਸਹਾਇਤਾ ਦੀ ਮੰਗ ਕਰਦੇ ਹੋਏ ਨਜਰ ਆ ਰਹੇ ਹਨ। ਪਲਾਟੇਵਿਲੇ ਪੁਲਿਸ ਵਿਭਾਗ ਦੇ ਮੁੱਖੀ ਕਾਰਲ ਡਵਾਇਰ ਨੇ ਕਿਹਾ ਹੈ ਕਿ ਜਿਸ ਅਫਸਰ ਨੇ ਰੇਲਵੇ ਪੱਟੜੀ ਉਪਰ ਕਾਰ ਖੜੀ ਕੀਤੀ ਸੀ, ਨੂੰ ਤਨਖਾਹ ਸਮੇਤ ਜਬਰਨ ਛੁੱੱਟੀ ਉਪਰ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਉਹ ਛੁੱਟੀ ‘ਤੇ ਹੀ ਰਹੇਗਾ। ਪੁਲਿਸ ਨੇ ਇਸ ਘਟਨਾ ਵਿਚ ਸ਼ਾਮਿਲ ਹੋਰ ਪੁਲਿਸ ਅਫਸਰਾਂ ਦੇ ਨਾਂ ਨਸ਼ਰ ਨਹੀਂ ਕੀਤੇ ਹਨ। ਵੈਲਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਅਜੇ ਤੱਕ ਕਿਸੇ ਵੀ ਸ਼ੱਕੀ ਦੋਸ਼ੀ  ਜਾਂ ਪੀੜਤ ਜਾਂ ਕਿਸੇ ਪੁਲਿਸ ਅਫਸਰ ਵਿਰੁੱਧ ਦੋਸ਼ ਆਇਦ ਨਹੀਂ ਕੀਤੇ ਗਏ ਹਨ ਤੇ ਸਮੁੱਚਾ ਮਾਮਲਾ ਜਾਂਚ ਅਧੀਨ ਹੈ। ਇਸੇ ਦੌਰਾਨ ਰਿਓਸ ਗੌਂਜ਼ਾਲੇਜ਼ ਦੇ ਵਕੀਲ ਪੌਲ ਵਿਲਕਿਨਸਨ ਨੇ ਕਿਹਾ ਹੈ ਕਿ ਉਸ ਦੇ ਮੁਵੱਕਲ ਦੇ ਸਰੀਰ ਦੀਆਂ 8 ਪਸਲੀਆਂ ਟੁੱਟ ਗਈਆਂ ਹਨ। ਇਕ ਬਾਂਹ ਟੁੱਟ ਗਈ ਹੈ। ਉਸ ਦੇ ਪਿੱਠ ਤੇ ਸਿਰ ਉਪਰ ਵੀ ਗੰਭੀਰ ਸੱਟਾਂ ਹਨ।