ਅਮਰੀਕਾ ਦੇ ਕੁੱਝ ਭਾਗਾਂ ਵਿੱਚ ਕੋਰੋਨਾ ਮਾਮਲਿਆਂ ਕਾਰਨ ਹੋਇਆ ਕੋਰੋਨਾ ਟੀਕਾਕਰਨ ‘ਚ ਵਾਧਾ

273
Share

ਫਰਿਜ਼ਨੋ, 23 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀਆਂ ਕਈ ਸਟੇਟਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇਸ ਵਾਧੇ ਸਬੰਧੀ ਵ੍ਹਾਈਟ ਹਾਊਸ ਨੇ ਦੱਸਿਆ ਕਿ ਕੁੱਝ ਸੂਬੇ ਜਿੱਥੇ ਕੋਰੋਨਾ ਕੇਸ ਵਧ ਰਹੇ ਹਨ, ਉੱਥੇ ਟੀਕਾਕਰਨ ਵੀ ਵਧਣਾ ਸ਼ੁਰੂ ਹੋ ਰਿਹਾ ਹੈ । ਕੋਰੋਨਾ ਵਾਇਰਸ ਦੇ ਕੋਆਰਡੀਨੇਟਰ ਜੈੱਫ ਜ਼ੀਂਟੀਅਸ ਅਨੁਸਾਰ ਨਵੀਆਂ ਲਾਗਾਂ ਦੇ ਵੱਧ ਅਨੁਪਾਤ ਵਾਲੀਆਂ ਸਟੇਟਾਂ ਦੇ ਨਿਵਾਸੀਆਂ ਨੂੰ ਪੂਰੇ ਦੇਸ਼ ਨਾਲੋਂ ਜਿਆਦਾ ਦਰ ਨਾਲ ਟੀਕਾ ਲਗਵਾਉਂਦੇ ਵੇਖਿਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇਹਨਾਂ ਸਟੇਟਾਂ ਵਿੱਚ ਅਰਕਾਨਸਾਸ, ਫਲੋਰੀਡਾ, ਲੂਈਸਿਆਨਾ, ਮਿਜ਼ੂਰੀ ਅਤੇ ਨੇਵਾਡਾ ਆਦਿ ਸ਼ਾਮਲ ਹਨ। ਲੂਈਸਿਆਨਾ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 5,388 ਕੇਸਾਂ ਦੀ ਰਿਪੋਰਟ ਦੇ ਇੱਕ ਦਿਨ ਬਾਅਦ ਵੀਰਵਾਰ ਨੂੰ ਵੀ 2,843 ਨਵੇਂ ਕੋਵਿਡ -19 ਕੇਸ ਦਰਜ ਕੀਤੇ ਹਨ। ਹਸਪਤਾਲ ਵਿੱਚ ਦਾਖਲੇ ਲਈ ਵੀ ਪਿਛਲੇ ਮਹੀਨੇ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਵੀਰਵਾਰ ਨੂੰ ਪੰਦਰਾਂ ਨਵੀਆਂ ਮੌਤਾਂ ਵੀ ਹੋਈਆਂ ਹਨ। ਜਦਕਿ ਸੂਬੇ ਦੇ ਸਿਹਤ ਵਿਭਾਗ ਅਨੁਸਾਰ ਲੂਈਸਿਆਨਾ ਦੀ ਸਿਰਫ 36% ਆਬਾਦੀ ਨੂੰ ਹੀ ਪੂਰੀ ਤਰ੍ਹਾਂ ਟੀਕੇ ਲੱਗੇ ਹਨ।  ਇਸਦੇ ਨਾਲ ਹੀ ਮਿਜ਼ੂਰੀ ਵਿੱਚ ਪਿਛਲੇ 14 ਦਿਨਾਂ ਵਿੱਚ ਪ੍ਰਤੀ ਵਿਅਕਤੀ ਨਵੇਂ ਕੇਸਾਂ ਦੀ ਗਿਣਤੀ ਅਰਕਾਨਸਾਸ ਅਤੇ ਲੂਈਸਿਆਨਾ ਤੋਂ ਬਾਅਦ ਦੂਜੇ ਨੰਬਰ ਤੇ ਹੈ। ਇੱਥੇ ਅਧਿਕਾਰੀਆਂ ਨੇ ਇੱਕ ਟੀਕਾ ਉਤਸ਼ਾਹਿਤ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਵਿਚ 900 ਲਾਟਰੀ ਜੇਤੂਆਂ ਲਈ ਹਜਾਰਾਂ ਡਾਲਰ ਦੇ ਇਨਾਮ ਸ਼ਾਮਲ ਹਨ। ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਸੂਬਿਆਂ ਸਮੇਤ ਕਈਆਂ ਹੋਰਨਾਂ ਵਿੱਚ ਵੀ ਟੀਕਾ ਲਗਵਾਉਣ ਲਈ ਲੋਕਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

Share