ਅਮਰੀਕਾ ਦੇ ਕਈ ਹਿੱਸਿਆਂ ‘ਚ ਪੈ ਰਹੀ ਹੀ ਹੈ ਭਿਆਨਕ ਗਰਮੀ

46
Share

-ਕਨਸਾਸ ‘ਚ ਗਰਮੀ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ
ਸੈਕਰਾਮੈਂਟੋ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕਈ ਹਿੱਸਿਆਂ ‘ਚ ਲੋਕਾਂ ਨੂੰ ਭਿਆਨਕ ਗਰਮੀ ਤੇ ਹੁਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਨਸਾਸ ਡਿਪਾਰਟਮੈਂਟ ਆਫ ਹੈਲਥ ਐਂਡ ਇਨਵਾਇਰਮੈਂਟ ਕਮਿਊਨੀਕੇਸ਼ਨਜ਼ ਦੇ ਡਾਇਰੈਕਟਰ ਮੱਟ ਲਾਰਾ ਨੇ ਕਿਹਾ ਹੈ ਕਿ ਵਧੇ ਤਾਪਮਾਨ ਤੇ ਹੁਮਸ ਕਾਰਨ ਘੱਟੋ-ਘੱਟ 2000 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਖਾਸ ਕਰਕੇ ਗਾਵਾਂ ਆਪਣੇ ਆਪ ਨੂੰ ਠੰਡਾ ਰੱਖਣ ‘ਚ ਮੁਸ਼ਕਿਲ ਮਹਿਸੂਸ ਕਰ ਰਹੀਆਂ ਹਨ। ਲਾਰਾ ਨੇ ਕਿਹਾ ਕਿ ਪਸ਼ੂਆਂ ਦੀ ਦੇਖ-ਭਾਲ ਕਰਨ ਵਾਲੇ ਕਈ ਲੋਕਾਂ ਨੇ ਵਿਭਾਗ ਨਾਲ ਸੰਪਰਕ ਕਰਕੇ ਪਸ਼ੂਆਂ ਦੇ ਮ੍ਰਿਤਕ ਸਰੀਰਾਂ ਨੂੰ ਦਫਨਾਉਣ ‘ਚ ਮਦਦ ਦੀ ਮੰਗ ਕੀਤੀ ਹੈ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਤਾਪਮਾਨ ‘ਚ ਅਚਾਨਕ ਵਾਧਾ ਹੋਇਆ ਹੈ ਤੇ ਦੱਖਣ-ਪਛਮੀ ਕਨਸਾਸ ਦੇ ਤਾਪਮਾਨ ‘ਚ 10 ਤੋਂ 14 ਡਿਗਰੀ ਤੱਕ ਵਾਧਾ ਹੋਇਆ ਹੈ। ਲਾਰਾ ਅਨੁਸਾਰ ਇਕਦਮ ਤਾਪਮਾਨ ਵਧਣ ਕਾਰਨ ਪਸ਼ੂ ਇਸ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੁੰਦੇ ਤੇ ਅਚਾਨਕ ਉਨ੍ਹਾਂ ਦੀ ਸਿਹਤ ਨਿਘਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਨਾਲ ਨਜਿੱਠਣ ਲਈ ਵਾਧੂ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।


Share