ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ ‘ਹਿੰਦੂ ਵਿਰਾਸਤ ਮਹੀਨਾ’ ਐਲਾਨਿਆ

298
ਇਰਵਾਈਨ, ਕੈਲੀਫੋਰਨੀਆ ’ਚ ਅਕਤੂਬਰ ਨੂੰ ‘ਹਿੰਦੂ ਵਿਰਾਸਤ ਮਹੀਨਾ’ ਐਲਾਨੇ ਜਾਣ ਸਬੰਧੀ ਪੱਤਰ ਸਮੇਤ ਨਜ਼ਰ ਆ ਰਹੇ ਹਿੰਦੂ ਭਾਈਚਾਰੇ ਦੇ ਆਗੂ ਤੇ ਹੋਰ।
Share

ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ ‘ਹਿੰਦੂ ਵਿਰਾਸਤ ਮਹੀਨੇ’ ਵਜੋਂ ਮਾਨਤਾ ਦਿੱਤੀ ਹੈ। ਇਨ੍ਹਾਂ ਵਿਚ ਦੱਖਣੀ ਕੈਲੀਫੋਰਨੀਆ ਦੇ ਇਰਵਾਈਨ, ਅਨਾਹੀਮ ਤੇ ਰਿਵਰਸਾਈਡ ਸ਼ਹਿਰ ਵੀ ਸ਼ਾਮਿਲ ਹਨ। ਬੀਤੇ ਦਿਨੀਂ ਇਰਵਾਈਨ ’ਚ ਹਿੰਦੂ ਭਾਈਚਾਰੇ ਦੀ ਤਰਫੋਂ ਹਿੰਦੂਆਂ ਦੇ ਵੱਖ-ਵੱਖ ਆਗੂਆਂ ਤੇ ਹੋਰ ਲੋਕਾਂ ਨੇ ਅਕਤੂਬਰ ਨੂੰ ‘ਹਿੰਦੂ ਵਿਰਾਸਤ ਮਹੀਨਾ’ ਐਲਾਨੇ ਜਾਣ ਸਬੰਧੀ ਸਿਟੀ ਕੌਂਸਲ ਕੋਲੋਂ ਪੱਤਰ ਪ੍ਰਾਪਤ ਕੀਤਾ। ਸ਼ਹਿਰ ਦੇ ਮੇਅਰ ਫਰਾਹ ਖਾਨ ਨੇ ਅਕਤੂਬਰ ਨੂੰ ‘ਹਿੰਦੂ ਵਿਰਾਸਤ ਮਹੀਨਾ’ ਐਲਾਨੇ ਜਾਣ ਸਬੰਧੀ ਪੱਤਰ ਪੜ੍ਹਿਆ ਤੇ ਇਸ ਪੱਤਰ ਨੂੰ ਮੌਜੂਦ ਹਿੰਦੂ ਭਾਈਚਾਰੇ ਦੇ ਪ੍ਰਤੀਨਿੱਧੀਆਂ ਨੂੰ ਸੌਂਪਿਆ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ‘‘ਅਮਰੀਕੀ ਹਿੰਦੂਆਂ ਨੇ ਸਾਇੰਸ, ਸਿੱਖਿਆ, ਦਵਾਈਆਂ, ਰਾਜਨੀਤੀ, ਕਾਰੋਬਾਰ, ਸੱਭਿਆਚਾਰ ਤੇ ਖੇਡਾਂ ਸਮੇਤ ਹਰ ਖੇਤਰ ’ਚ ਵੱਡਮੁੱਲਾ ਯੋਗਦਾਨ ਪਾਇਆ ਹੈ। ਹਿੰਦੂ ਵਿਰਾਸਤ, ਸੱਭਿਆਚਾਰ, ਰਵਾਇਤਾਂ ਤੇ ਕਦਰਾਂ-ਕੀਮਤਾਂ ਨੇ ਸਾਡੇ ਇਸ ਮਹਾਨ ਸ਼ਹਿਰ ਤੇ ਰਾਜ ਨੂੰ ਹੋਰ ਅਮੀਰ ਕੀਤਾ ਹੈ।’’ ਹਿੰਦੂ ਭਾਈਚਾਰੇ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਮੌਕੇ ਅਨੇਕਾਂ ਬੁਲਾਰਿਆਂ ਨੇ ਹਿੰਦੂ ਧਰਮ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਆਗੂਆਂ ਵਿਚ ਹਿੰਦੂ ਸੇਵਕ ਸੰਘ ਦੇ ਪ੍ਰਤੀਨਿੱਧ ਦਿਵਿਆ ਪ੍ਰਭਾ ਵੀ ਸ਼ਾਮਿਲ ਸੀ। ਉਨ੍ਹਾਂ ਨੇ ਸੰਬੋਧਨ ਕਰਦਿਆਂ ਸੰਸਕਿ੍ਰਤ ਦੇ ਸਲੋਕ ‘ਵਾਸੂਦੇਵਾ ਕੁਟੁਮਬਕਮ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮੁੱਚਾ ਵਿਸ਼ਵ ਇਕ ਪਰਿਵਾਰ ਹੈ ਤੇ ਸਾਰੀ ਮਾਨਵ ਜਾਤੀ ਖੁਸ਼, ਸਿਹਤਮੰਦ ਤੇ ਖੁਸ਼ਹਾਲ ਹੋਵੇ। ਇਹ ਹੀ ਹਿੰਦੂ ਧਰਮ ਦਾ ਉਦੇਸ਼ ਹੈ। ਉਨ੍ਹਾਂ ਨੇ ਮਾਨਵ ਜਾਤੀ ਦੀ ਸੇਵਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੇਵਾ ਹੀ ਮਾਨਵ ਜਾਤੀ ਨੂੰ ਉਤਮ ਬਣਾਉਂਦੀ ਹੈ ਤੇ ਮਾਨਵ ਜਾਤੀ ਨੂੰ ਇਕ ਦੂਸਰੇ ਨੂੰ ਸਮਝਣ ਦਾ ਮੌਕਾ ਦਿੰਦੀ ਹੈ। ਇਸ ਮੌਕੇ ਮਿਨੀਸੋਟਾ ਵਾਸੀ ਵਿਜੇਂਦਰ ਅਗਰਵਾਲ ਨੇ ਦੱਸਿਆ ਕਿ ਅਮਰੀਕਾ ਦੇ 20 ਰਾਜ ਤੇ ਇਕ ਦਰਜਨ ਸ਼ਹਿਰ ਅਕਤੂਬਰ ਨੂੰ ‘ਹਿੰਦੂ ਵਿਰਾਸਤ ਮਹੀਨੇ’ ਵਜੋਂ ਮਾਨਤਾ ਦੇ ਚੁੱਕੇ ਹਨ।

Share