ਅਮਰੀਕਾ ਦੇ ਉੱਘੇ ਬਿਜ਼ਨਸਮੈਨ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਭੇਜਿਆ ਵਾਪਸ

414
ਦਰਸ਼ਨ ਸਿੰਘ ਧਾਲੀਵਾਲ ਦੀ ਕਿਸਾਨਾਂ ਨੂੰ ਲੰਗਰ ਛਕਾਉਦੇ ਦੀ ਫਾਈਲ ਫੋਟੋ।
Share

-ਜਾਇਜ਼ ਦਸਤਾਵੇਜ਼ ਹੋਣ ਦੇ ਬਾਵਜੂਦ ਦਾਖਲੇ ਤੋਂ ਕੀਤਾ ਗਿਆ ਇਨਕਾਰ
ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਮੇਲ)-ਨਵੀਂ ਦਿੱਲੀ ਵਿਖੇ ਖੇਤੀ ਬਿੱਲਾਂ ਨੂੰ ਮੁਆਫ ਕਰਵਾਉਣ ਲਈ ਧਰਨੇ ’ਤੇ ਬੈਠੇ ਕਿਸਾਨਾਂ ਦੀ ਮਦਦ ਕਰ ਰਹੇ ਭਾਰਤੀ-ਅਮਰੀਕੀ ਅਰਬਪਤੀ ਦਰਸ਼ਨ ਸਿੰਘ ਧਾਲੀਵਾਲ ਨੂੰ ਨਵੀਂ ਦਿੱਲੀ ’ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼ਿਕਾਗੋ ਤੋਂ ਉਡਾਣ ਭਰਨ ਵਾਲੇ ਧਾਲੀਵਾਲ ਨੂੰ ਕਥਿਤ ਤੌਰ ’ਤੇ ਦਿੱਲੀ ਹਵਾਈ ਅੱਡੇ ’ਤੇ ਕਿਹਾ ਗਿਆ ਸੀ ਕਿ ਉਸ ਕੋਲ ਜਾਇਜ਼ ਦਸਤਾਵੇਜ਼ ਹੋਣ ਦੇ ਬਾਵਜੂਦ ਉਸ ਨੂੰ ਭਾਰਤ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਦਰਸ਼ਨ ਸਿੰਘ ਧਾਲੀਵਾਲ ਅਨੁਸਾਰ, ‘‘ਮੈਨੂੰ ਭਾਰਤ ’ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਮੈਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਿਹਾ ਹਾਂ। ਮੈਂ ਜਨਵਰੀ ਤੋਂ ਸਿੰਘੂ ਵਿਖੇ ਲੰਗਰ ਚਲਾ ਰਿਹਾ ਹਾਂ ਅਤੇ ਮੈਂ ਹਰ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੂੰ ਮਿਲਣ ਜਾਂਦਾ ਹਾਂ। ਸ਼ਨੀਵਾਰ ਨੂੰ, ਜਦੋਂ ਮੈਂ ਏਅਰਪੋਰਟ ’ਤੇ ਉਤਰਿਆ, ਤਾਂ ਮੈਨੂੰ ਜਾਇਜ਼ ਦਸਤਾਵੇਜ਼ ਹੋਣ ਦੇ ਬਾਵਜੂਦ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਨੇ ਕੋਈ ਕਾਰਨ ਨਹੀਂ ਦੱਸਿਆ। ਉਸ ਨੇ ਦਾਅਵਾ ਕੀਤਾ ਹੈ, ‘‘ਉਨ੍ਹਾਂ ਨੇ ਮੈਨੂੰ ਪੰਜ ਘੰਟੇ ਤੱਕ ਇੰਤਜ਼ਾਰ ਕੀਤਾ ਅਤੇ ਮੈਨੂੰ ਸ਼ਿਕਾਗੋ ਲਈ 1.30 ਵਜੇ ਦੀ ਫਲਾਈਟ ’ਚ ਬਿਠਾਇਆ।’’
ਪੰਜਾਬ ਦੇ ਇਕ ਆਈ.ਪੀ.ਐੱਸ. ਅਧਿਕਾਰੀ ਏ.ਐੱਸ.ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ ’ਤੇ ਰਿਪੋਰਟ ਮਿਲ ਗਈ ਹੈ। ਏ.ਡੀ.ਜੀ.ਪੀ. ਇੰਟੈਲੀਜੈਂਸ ਏ.ਐੱਸ. ਰਾਏ ਨੇ ਕਿਹਾ, ‘‘ਅਸੀਂ ਇਸ ਮਾਮਲੇ ਨੂੰ ਦਿੱਲੀ ਕੋਲ ਉਠਾਵਾਂਗੇ।’’
ਦਰਸ਼ਨ ਸਿੰਘ ਧਾਲੀਵਾਲ (ਰੱਖੜਾ) ਪਤਨੀ ਨਾਲ ਆਪਣੀ ਭਤੀਜੀ ਚਰਨਜੀਤ ਸਿੰਘ ਰੱਖੜਾ ਦੀ ਪੁੱਤਰੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆ ਰਹੇ ਸਨ। ਇਸ ਤੋਂ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਉਨ੍ਹਾਂ ਨੂੰ ਦਿੱਲੀ ਏਅਰਪੋਰਟ ’ਤੇ ਕਾਫੀ ਪਰੇਸ਼ਾਨ ਅਤੇ ਤੰਗ ਕੀਤਾ ਗਿਆ ਪਰ ਦੋ-ਤਿੰਨ ਘੰਟਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ।

Share