ਅਮਰੀਕਾ ਦੇ ਇਲੀਨੋਇਸ ‘ਚ ਕੋਰੋਨਾਵਾਇਰਸ ਨਾਲ ਨਵਜੰਮੇ ਬੱਚੇ ਦੀ ਮੌਤ

720
Share

ਵਾਸ਼ਿੰਗਟਨ , 29 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਵੀ ਕੋਰੋਨਾਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇੱਥੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦਾ ਅੰਕਡ਼ਾ 1 ਲੱਖ ਦੇ ਪਾਰ ਹੋ ਚੁੱਕਾ ਹੈ। ਇਸ ਦੌਰਾਨ ਇੱਥੇ ਕੋਰੋਨਾਵਾਇਰਸ ਦਾ ਬਹੁਤ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇਲੀਨੋਇਸ ਰਾਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਲੋਬਲ ਮਹਾਮਾਰੀ ਨਾਲ ਇਕ ਬੱਚੇ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਅਮਰੀਕਾ ਦੇ ਸ਼ਿਕਾਗੋ ਵਿਚ ਵਾਇਰਸ ਨਾਲ ਇਨਫੈਕਟਿਡ ਬੱਚੇ ਨੇ ਦਮ ਤੋਡ਼ ਦਿੱਤਾ।
ਸਿਹਤ ਵਿਭਾਗ ਦਾ ਦਾਅਵਾ ਹੈ ਕਿ ਦੁਨੀਆ ਵਿਚ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਪ੍ਰੈੱਸ ਕਾਨਫਰੰਸ ਕਰਕੇ ਗਵਰਨਰ ਜੇਬੀ ਪ੍ਰਿਤਜ਼ਕਰ ਨੇ ਦੱਸਿਆ,”ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਰਾਜ ਦੇ ਜਨਤਕ ਸਿਹਤ ਵਿਭਾਗ ਨੇ ਕਿਹਾ,”ਸ਼ਿਕਾਗੋ ਵਿਚ ਮਰਨ ਵਾਲੇ ਬੱਚੇ ਦੀ ਉਮਰ ਇਕ ਸਾਲ ਤੋਂ ਘੱਟ ਸੀ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।ਗਵਰਨਰ ਨੇ ਇਹ ਵੀ ਕਿਹਾ,ਮੈਂ ਜਾਣਦਾ ਹਾਂ ਕਿ ਨਵਜੰਮੇ ਦੀ ਮੌਤ ਕਿੰਨੀ ਦੁਖਦਾਈ ਹੋ ਸਕਦੀ ਹੈ । ਇਹ ਪੂਰੇ ਪਰਿਵਾਰ ਲਈ ਦੁੱਖ ਭਰਿਆ ਸਮਾਂ ਹੈ ਜੋ ਪੂਰੇ ਸਾਲ ਤੋਂ ਬੱਚੇ ਦੇ ਆਉਣ ਦੀਆਂ ਖੁਸ਼ੀਆਂ ਸੰਜੋ ਰਿਹਾ ਸੀ।”
ਇੱਥੇ ਦੱਸ ਦਈਏ ਕਿ ਜਾਨਲੇਵਾ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਖਤਰਾ ਬਜ਼ੁਰਗਾਂ ਵਿਚ ਦੇਖਿਆ ਗਿਆ ਹੈ ਪਰ ਹਾਲੇ ਤੱਕ ਕਿਤੋਂ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਸੀ ਕਿ ਜਿਸ ਵਿਚ ਕਿਸੇ ਬੱਚੇ ਦੀ ਮੌਤ ਹੋਈ ਹੋਵੇ।


Share