ਅਮਰੀਕਾ ਦੇ ਇਕ ਹਾਈ ਸਕੂਲ ’ਚ ਹੋਈ ਗੋਲੀਬਾਰੀ ਦੌਰਾਨ 3 ਵਿਦਿਆਰਥੀਆਂ ਦੀ ਮੌਤ; 8 ਜ਼ਖਮੀ

348
ਗੋਲੀਬਾਰੀ ਉਪਰੰਤ ਪ੍ਰੇਸ਼ਾਨ ਨਜ਼ਰ ਆ ਰਹੇ ਮਾਪੇ।
15 ਸਾਲਾ ਸ਼ੱਕੀ ਨੂੰ ਹਿਰਾਸਤ ’ਚ ਲਿਆ
* ਰਾਸ਼ਟਰਪਤੀ ਨੇ ਪ੍ਰਗਟਾਇਆ ਅਫਸੋਸ
ਸੈਕਰਾਮੈਂਟੋ, 1 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ’ਚ ਹੋਈ ਗੋਲੀਬਾਰੀ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਮਾਰੇ ਗਏ ਵਿਦਿਆਰਥੀਆਂ ’ਚ ਇਕ ਲੜਕਾ ਤੇ ਦੋ ਲੜਕੀਆਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 14 ਤੋਂ 17 ਸਾਲਾਂ ਦੇ ਦਰਮਿਆਨ ਹੈ। ਇਹ ਜਾਣਕਾਰੀ ਓਕਲੈਂਡ ਕਾਉਂਟੀ ਦੇ ਪੁਲਿਸ ਅਧਿਕਾਰੀ ਮਾਈਕਲ ਮਕੈਬ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜ਼ਖਮੀਆਂ ਵਿਚੋਂ ਦੋ ਦੀ ਸਰਜਰੀ ਹੋਈ ਹੈ ਤੇ ਬਾਕੀ 6 ਦੀ ਹਾਲਤ ਸਥਿਰ ਹੈ, ਜਿਨ੍ਹਾਂ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਗੋਲੀਆਂ ਵੱਜੀਆਂ ਹਨ। ਗੋਲੀ ਚੱਲਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਸ਼ੀਗਨ ਦੇ ਅਟਾਰਨੀ ਜਨਰਲ ਡਾਨਾ ਨੇਸਲ ਨੇ ਮਾਰੇ ਗਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਸ ਦੇ ਵਿਭਾਗ ਨੇ ਘਟਨਾ ਦੀ ਜਾਂਚ ਲਈ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਨੇਸਲ ਨੇ ਕਿਹਾ ਹੈ ਕਿ ਸਕੂਲਾਂ ਵਿਚ ਗੰਨ ਹਿੰਸਾ ਖਤਮ ਕਰਨ ਲਈ ਸਾਨੂੰ ਉਚਿਤ ਢੰਗ ਤਰੀਕੇ ਅਪਣਾਉਣੇ ਪੈਣਗੇ।
ਪੁਲਿਸ ਅਧਿਕਾਰੀ ਮਾਈਕਲ ਮਕੈਬ ਸਕੂਲ ’ਚ ਗੋਲੀ ਚੱਲਣ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ।

ਰਾਸ਼ਟਰਪਤੀ ਜੋਅ ਬਾਇਡਨ ਨੇ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਵਾਪਰਨ ਉਪਰ ਅਫਸੋਸ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਮੇਰੇ ਡਕੋਟਾ ਟੈਕਨੀਕਲ ਕਾਲਜ ਦੇ ਦੌਰੇ ਤੋਂ ਬਾਅਦ ਮੈਨੂੰ ਆਕਸਫੋਰਡ ਹਾਈ ਸਕੂਲ ਮਿਸ਼ੀਗਨ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ, ਜਿਸ ਵਿਚ ਇਕ 15 ਸਾਲਾਂ ਸ਼ੱਕੀ ਵੱਲੋਂ ਗੋਲੀਆਂ ਚਲਾਉਣ ਨਾਲ 3 ਵਿਦਿਆਰਥੀ ਮਾਰੇ ਗਏ ਤੇ 8 ਹੋਰ ਜ਼ਖਮੀ ਹੋਏ ਹਨ। ਇਸ ਘਟਨਾ ਕਾਰਨ ਸਮੁੱਚੇ ਰਾਜ ’ਚ ਸ਼ੋਕ ਪਾਇਆ ਜਾ ਰਿਹਾ ਹੈ। ਮੇਰੀ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਹੈ ਤੇ ਮੈ ਉਨ੍ਹਾਂ ਦੀ ਹਰ ਮਦਦ ਦਾ ਭਰੋਸਾ ਦਿੰਦਾ ਹਾਂ।

ਪੁਲਿਸ ਨੇ 15 ਸਾਲਾ ਸ਼ੱਕੀ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਧਿਕਾਰੀ ਮਾਈਕਲ ਮਕੈਬ ਨੇ ਕਿਹਾ ਹੈ ਕਿ ਸ਼ੱਕੀ ਜੋ ਇਸ ਸਮੇ ਹਿਰਾਸਤ ਵਿਚ ਹੈ, ਘਟਨਾ ਦੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸ਼ੱਕੀ ਦੋਸ਼ੀ ਨੇ ਗੋਲੀਆਂ ਕਿਉਂ ਚਲਾਈਆਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ