ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਭਾਰਤ ਨੂੰ ਧਾਰਮਿਕ ਸੁਤੰਤਰਤਾ ਮਾਮਲੇ ’ਚ ਲਾਲ ਸੂਚੀ ’ਚ ਰੱਖਣ ਦੀ ਸਿਫਾਰਿਸ਼

300
Share

-ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੀਤੀ ਆਲੋਚਨਾ
ਨਵੀਂ ਦਿੱਲੀ, 6 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਇਸ ਗੱਲ ਦੀ ਸਿਫਾਰਿਸ਼ ਕੀਤੀ ਹੈ ਕਿ ਭਾਰਤ ਸਣੇ ਚਾਰ ਦੇਸ਼ਾਂ ਨੂੰ ਧਾਰਮਿਕ ਸੁਤੰਤਰਤਾ ਅਧਿਕਾਰ ਰੈਕਿੰਗ ਦੇ ਮਾਮਲੇ ਵਿੱਚ ਲਾਲ ਸੂਚੀ ਵਿੱਚ ਰੱਖਿਆ ਜਾਵੇ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਉਪਰੋਕਤ ਸਿਫਾਰਿਸ਼ ਕਰਨ ਵਾਲੇ ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ ਆਲੋਚਨਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕਮਿਸ਼ਨ ਨੇ ਪੱਖਪਾਤੀ ਰਵੱਈਆ ਅਪਣਾਇਆ ਹੈ ਤੇ ਉਸ ਨੂੰ ਭਾਰਤ ਅਤੇ ਭਾਰਤ ਦੇ ਸੰਵਿਧਾਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਧਾਰਮਿਕ ਸੁਤੰਤਰਤਾ ਅਧਿਕਾਰ ਰੈਕਿੰਗ ਦੇ ਮਾਮਲੇ ਵਿਚ ਭਾਰਤ ਨੂੰ ਲਾਲ ਸੂਚੀ ਵਿਚ ਰੱਖਣ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਸਿਫਾਰਿਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਦੌਰਾਨ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ, ਚੀਨ ਤੇ ਮਿਆਂਮਾਰ ਵੀ ਲਾਲ ਸੂਚੀ ਵਿਚ ਸ਼ਾਮਲ ਹਨ। ਮੌਜੂਦਾ ਵਰ੍ਹੇ ਜਿਨ੍ਹਾਂ ਦੇਸ਼ਾਂ ਨੂੰ ਧਾਰਮਿਕ ਸੁਤੰਤਰਤਾ ਅਧਿਕਾਰ ਰੈਕਿੰਗ ਦੇ ਮਾਮਲੇ ਵਿਚ ਲਾਲ ਸੂਚੀ ਵਿਚ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ, ਉਨ੍ਹਾਂ ਵਿਚ ਭਾਰਤ ਤੋਂ ਇਲਾਵਾ ਰੂਸ, ਵੀਅਤਨਾਮ ਤੇ ਸੀਰੀਆ ਸ਼ਾਮਲ ਹਨ।

Share