ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਡੇਨ-ਸੈਂਡਰਸ ਏਕਤਾ ਕਾਰਜ ਬਲ ‘ਚ ਵਿਭਿੰਨ ਖੇਤਰਾਂ ਦੇ 6 ਵੱਕਾਰੀ ਭਾਰਤੀ-ਅਮਰੀਕੀ ਨਾਮਜ਼ਦ

917
Share

ਵਾਸ਼ਿੰਗਟਨ, 22 ਮਈ (ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਦਲ ਡੈਮੋਕ੍ਰੈਟਿਕ ਪਾਰਟੀ ਵੱਲੋਂ ਉੱਚ ਅਹੁਦੇ ਦੇ ਸੰਭਾਵਿਤ ਉਮੀਦਵਾਰ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਬਿਡੇਨ-ਸੈਂਡਰਸ ਏਕਤਾ ਕਾਰਜ ਬਲ ਵਿਚ ਵਿਭਿੰਨ ਖੇਤਰਾਂ ਦੇ 6 ਵੱਕਾਰੀ ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਜ ਬਲ ਦਾ ਉਦੇਸ਼ ਨਵੰਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਇਕਜੁੱਟ ਰੱਖਣਾ ਹੈ। ਸੀਏਟਲ ਤੋਂ ਕਾਂਗਰਸ ਸਾਂਸਦ ਪ੍ਰਮਿਲਾ ਜੈਪਾਲ ਅਤੇ ਸਾਬਕਾ ਸਰਜਨ ਜਨਰਲ ਵਿਵੇਕ ਮੂਰਤੀ ਨੂੰ ਸਿਹਤ ਦੇਖਭਾਲ ਕਾਰਜ ਬਲ ਦਾ ਸਹਿ-ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ।
ਬੋਸਟਨ ਦੀ ਜਲਵਾਯੂ ਤਬਦੀਲੀ ਕਾਰਕੁੰਨ ਵਰਸ਼ਿਨੀ ਪ੍ਰਕਾਸ਼ (26) ਇਹਨਾਂ ਕਾਰਜ ਬਲਾਂ ਦੀ ਸਭ ਤੋਂ ਨੌਜਵਾਨ ਮੈਂਬਰ ਹੈ।ਜਲਵਾਯੂ ਤਬਦੀਲੀ ‘ਤੇ ਕੇਂਦਰਿਤ ਮੋਹਰੀ ਸੰਗਠਨ ਸਨਰਾਈਜ਼ ਮੂਵਮੈਂਟ ਦੀ ਕਾਰਜਕਾਰੀ ਨਿਦੇਸ਼ਕ ਵੀ. ਪ੍ਰਕਾਸ਼ ਜਲਵਾਯੂ ਤਬਦੀਲੀ ਸਮੂਹ ਦੀ ਮੈਂਬਰ ਹੋਵੇਗੀ। ਸਾਬਕਾ ਵਿਦੇਸ਼ ਮੰਤਰੀ ਜੌਨ ਕੇਰੀ ਇਸ ਕਾਰਜ ਬਲ ਦੇ ਪ੍ਰਧਾਨ ਹਨ। ਬਿਡੇਨ ਦੀ ਮੁਹਿੰਮ ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ ਚਿਰਾਗ ਬੈਂਸ ਨੂੰ ਅਪਰਾਧਿਕ ਨਿਆਂ ਸੁਧਾਰ ਕਾਰਜ ਬਲ ਦਾ ਸਹਿ-ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਵੱਕਾਰੀ ਭਾਰਤੀ-ਅਮਰੀਕੀ ਅਰਥਸ਼ਾਸਤਰੀ ਅਤੇ ਸਾਬਕਾ ਲੌਬੀਸਟ ਸੋਨਲ ਸ਼ਾਹ ਨੂੰ ਅਰਥਵਿਵਸਥਾ ਕਾਰਜ ਬਲ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਿਚ ਫੌਕਸ ਨਿਊਜ਼ ਦੇ ਚੋਣਾਂ ਤੋਂ ਪਹਿਲਾਂ ਕੀਤੇ ਸਰਵੇਖਣ ਦੇ ਮੁਤਾਬਕ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ 8 ਫੀਸਦੀ ਅੰਕਾਂ ਦੀ ਬੜਤ ਬਣਾਏ ਹੋਏ ਹਨ।


Share