ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ’ਚ 13.37 ਲੱਖ ਮੁਕੱਦਮਿਆਂ ਦਾ ਬੈਕਲਾਗ

425
Share

ਨਿਊ ਯਾਰਕ, ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਵਿਚਾਰ ਅਧੀਨ ਮੁਕੱਦਮਿਆਂ ਦੀ ਗਿਣਤੀ 13 ਲੱਖ ਤੋਂ ਟੱਪ ਚੁੱਕੀ ਹੈ ਅਤੇ ਹਾਲਾਤ ਲਗਾਤਾਰ ਗੁੰਝਲਦਾਰ ਬਣਦੇ ਜਾ ਰਹੇ ਹਨ। ਸਾਇਰਾਕਿਊਜ਼ ਯੂਨੀਵਰਸਿਟੀ ਦੀ ਸਹਾਇਕ ਜਥੇਬੰਦੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2021 ਵਿਚ ਹੁਣ ਤੱਕ 1 ਲੱਖ 27 ਹਜ਼ਾਰ ਨਵੇਂ ਮੁਕੱਦਮੇ ਪਹੁੰਚੇ ਜਦਕਿ 68 ਹਜ਼ਾਰ ਦਾ ਨਿਪਟਾਰਾ ਕੀਤਾ ਜਾ ਸਕਿਆ। ਟ੍ਰਾਂਜ਼ੈਕਸ਼ਨਲ ਰਿਕਾਰਡਜ਼ ਐਕਸੈਸ ਕਲੀਅਰਿੰਗ ਹਾਊਸ ਦੇ ਮੁੱਖ ਖੋਜੀ ਔਸਟਿਨ ਕੋਛੜ ਨੇ ਦੱਸਿਆ ਕਿ ਅਮਰੀਕਾ ਦੇ ਗ੍ਰਹਿ ਮੰਤਰਾਲੇ ਵੱਲੋਂ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਭੇਜੇ ਜਾ ਰਹੇ ਮੁਕੱਦਮਿਆਂ ਦੀ ਗਿਣਤੀ ਨਾਟਕੀ ਤਰੀਕੇ ਨਾਲ ਵਧ ਗਈ ਹੈ ਜਦਕਿ ਇੰਮੀਗ੍ਰੇਸ਼ਨ ਜੱਜਾਂ ਦੁਆਰਾ ਨਿਪਟਾਏ ਜਾ ਰਹੇ ਮਾਮਲਿਆਂ ਦੀ ਗਿਣਤੀ ਉਸ ਹਿਸਾਬ ਨਾਲ ਨਹੀਂ ਵਧ ਰਹੀ। ਇਸ ਵੇਲੇ ਇੰਮੀਗ੍ਰੇਸ਼ਨ ਅਦਾਲਤਾਂ ਵਿਚ 13 ਲੱਖ 37 ਹਜ਼ਾਰ 372 ਮੁਕੱਦਮਿਆਂ ਦਾ ਬੈਕਲਾਗ ਇਕੱਠਾ ਹੋ ਗਿਆ ਹੈ ਅਤੇ ਹਰ ਮਹੀਨੇ ਗਿਣਤੀ ਵਧਦੀ ਜਾ ਰਹੀ ਹੈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸੱਤਾ ਸੰਭਾਲਣ ਮਗਰੋਂ ਇਕ ਦਰਜਨ ਨਵੇਂ ਇੰਮੀਗ੍ਰੇਸ਼ਨ ਜੱਜਾਂ ਦੀ ਨਿਯੁਕਤੀ ਦੇ ਬਾਵਜੂਦ ਮੁਕੱਦਮਿਆਂ ਦੀ ਗਿਣਤੀ ਘਟਾਉਣ ਵਿਚ ਮਦਦ ਨਹੀਂ ਮਿਲ ਰਹੀ। ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਬੋਝ ਟੈਕਸਸ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ’ਤੇ ਨਜ਼ਰ ਆ ਰਿਹਾ ਹੈ। ਇਥੇ 2 ਲੱਖ 13 ਹਜ਼ਾਰ ਤੋਂ ਵੱਧ ਮਾਮਲੇ ਬਕਾਇਆ ਹਨ। ਕਾਊਂਟੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੈਲੇਫ਼ੋਰਨੀਆ ਦੀ ਲਾਸ ਏਂਜਲਸ ਕਾਊਂਟੀ ਵਿਚ ਡਿਪੋਰਟੇਸ਼ਨ ਦੇ 70 ਹਜ਼ਾਰ ਤੋਂ ਵੱਧ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਣਾ ਬਾਕੀ ਹੈ। ਇਸ ਮਗਰੋਂ ਹਿਊਸਟਨ ਵਿਖੇ 62 ਹਜ਼ਾਰ ਤੋਂ ਵੱਧ ਮੁਕੱਦਮੇ ਵਿਚਾਰ ਅਧੀਨ ਹਨ ਜਦਕਿ ਨਿਊ ਯਾਰਕ ਦੇ ਕੁਈਨਜ਼ ਇਲਾਕੇ ਇੰਮੀਗ੍ਰੇਸ਼ਨ ਮੁਕੱਦਮਿਆਂ ਦਾ ਬੈਕਲਾਗ 42 ਹਜ਼ਾਰ ਤੋਂ ਟੱਪ ਗਿਆ ਹੈ। ਮੁਕੱਦਮਿਆਂ ਨਿਬੇੜਨ ਵਿਚ ਹੋ ਰਹੀ ਦੇਰ ਪਿੱਛੇ ਮਹਾਂਮਾਰੀ ਦਾ ਵੀ ਵੱਡਾ ਹੱਥ ਹੈ ਕਿਉਂਕਿ ਪਿਛਲੇ ਸਾਲ ਵੱਡੀ ਗਿਣਤੀ ਵਿਚ ਮੁਕੱਦਮਿਆਂ ਦੀ ਸੁਣਵਾਈ ਸੰਭਵ ਨਾ ਹੋ ਸਕੀ।


Share