ਅਮਰੀਕਾ ਤੋਂ ਵਾਪਸ ਪਰਤਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਨਾਲ ਭਾਰਤੀ ਦੂਤਾਵਾਸ ਵੱਲੋਂ ਸੰਪਰਕ

768

ਵਾਸ਼ਿੰਗਟਨ, 30 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਸੰਕਟ ਤੋਂ ਬਚਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਲਾਕਡਾਊਨ ਕਾਰਨ ਕਈ ਲੋਕ ਦੂਜੇ ਦੇਸ਼ਾਂ ਵਿਚ ਫਸੇ ਹੋਏ ਹਨ। ਇਸ ਦੌਰਾਨ ਅਮਰੀਕਾ ਤੋਂ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਦੂਤਾਵਾਸ ਨੇ ਉਹਨਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੰਕੇਤ ਦਿੱਤਾ ਸੀ ਕਿ ਉਹ ਸਥਿਤੀ ਦਾ ਮੁਲਾਂਕਣ ਕਰਨ ਦੇ ਬਾਅਦ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦਾ ਫੈਸਲਾ ਲਵੇਗੀ।
10 ਅਪ੍ਰੈਲ ਨੂੰ ਸਰਕਾਰ ਨੇ ਕਿਹਾ ਕਿ ਕੋਰੋਨਾਵਾਇਰਸ ਸਥਿਤੀ ਦੀ ਸਮੀਖਿਆ ਦੇ ਬਾਅਦ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਦਾ ਫੈਸਲਾ ਲਿਆ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਦੰਮੀ ਰਵੀ ਨੇ ਕਿਹਾ, ”ਵਿਦੇਸ਼ ਵਿਚ ਭਾਰਤੀਆਂ ਨੂੰ ਲੈ ਕੇ ਕੁਝ ਸਵਾਲ ਆਏ ਹਨ। ਇਹ ਇਕ ਅਜਿਹੀ ਸਥਿਤੀ ਹੈ ਜਿੱਥੇ ਅਸੀਂ ਕੋਈ ਨਿਸ਼ਚਿਤ ਜਵਾਬ ਨਹੀਂ ਦੇ ਸਕਦੇ ਕਿਉਂਕਿ ਲਾਕਡਾਊਨ ਹਾਲੇ ਵੀ ਜਾਰੀ ਹੈ। ਸਾਨੂੰ ਸਥਿਤੀ ਦਾ ਮੁਲਾਂਕਣ ਕਰਨ ਦੀ ਲੋੜ ਹੈ। ਇਹ ਸਰਕਾਰ ਦਾ ਫੈਸਲਾ ਹੋਵੇਗਾ ਕਿ ਅਸੀਂ ਕਿਵੇਂ ਹੋਰ ਦੇਸ਼ਾਂ ਤੋਂ ਭਾਰਤੀਆਂ ਦੀ ਵਾਪਸੀ ਦਾ ਪ੍ਰਬੰਧ ਕਰਦੇ ਹਾਂ। ਅਜਿਹੀ ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਖਾੜੀ ਖੇਤਰ ਦੇ ਦੇਸ਼ਾਂ ਤੋਂ ਸ਼ੁਰੂ ਹੋਵੇਗੀ। ਇਸ ਦੇ ਬਾਅਦ ਬ੍ਰਿਟੇਨ, ਯੂਰਪ ਦੇ ਹੋਰ ਹਿੱਸਿਆਂ ਅਤੇ ਬਾਅਦ ਵਿਚ ਅਮਰੀਕਾ ਵਿਚ ਫਸੇ ਭਾਰਤੀਆਂ ਨੂੰ ਲਿਆਉਣ ‘ਤੇ ਵਿਚਾਰ ਕੀਤਾ ਜਾਵੇਗਾ।”
ਭਾਰਤੀ ਦੂਤਾਵਾਸ ਨੇ ਇਸ ਦੇ ਲਈ ਬੁੱਧਵਾਰ ਤੋਂ ਭਾਈਚਾਰਕ ਸੰਗਠਨਾਂ ਨੂੰ ਈਮੇਲ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਲੋਕ ਘਰ ਵਾਪਸ ਜਾਣ ਦੇ ਚਾਹਵਾਨ ਹਨ ਉਹ https://indianembassyusa.gov.in/Information_sheet1″ rel=”nofollow ‘ਤੇ ਜਾ ਕੇ ਰਜਿਸਟਰੇਸ਼ਨ ਕਰ ਸਕਦੇ ਹਨ। ਭਾਵੇਂਕਿ ਹੁਣ ਤੱਕ ਯਾਤਰਾ ਦੀਆਂ ਕਿਸੇ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੇ ਇਲਾਵਾ ਕੋਰੋਨਾਵਾਇਰਸ ਕਾਰਨ ਅਮਰੀਕਾ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਗਿਣਤੀ ਦਾ ਫਿਲਹਾਲ ਕੋਈ ਅਧਿਕਾਰਤ ਅਨੁਮਾਨ ਨਹੀਂ ਹੈ।