ਅਮਰੀਕਾ ਤੋਂ ਬਾਅਦ ਬ੍ਰਿਟੇਨ ‘ਚ ਵੀ ਚੀਨੀ ਵਿਦਿਆਰਥੀਆਂ ਦੀ ਐਂਟਰੀ ਰੋਕਣ ਦਾ ਫੈਸਲਾ

371
Share

ਲੰਡਨ, 8 ਅਕਤੂਬਰ (ਪੰਜਾਬ ਮੇਲ)-ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ਨੇ ਵੀ ਆਪਣੇ ਦੇਸ਼ ਵਿਚ ਚੀਨੀ ਵਿਦਿਆਰਥੀਆਂ ਦੀ ਐਂਟਰੀ ਰੋਕਣ ਦਾ ਫੈਸਲਾ ਕਰ ਲਿਆ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਚੀਨੀ ਵਿਦਿਆਰਥੀਆਂ ‘ਤੇ ਰੋਕ ਲਾਈ ਜਾ ਸਕਦੀ ਹੈ। ਇਹ ਫੈਸਲਾ ਚੀਨ ਵੱਲੋਂ ਖਤਰਿਆਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਲਿਆ ਜਾਵੇਗਾ। ‘ਦਿ ਟਾਈਮਸ’ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਕਾਮਨਵੈਲਥ ਐਂਡ ਡਿਵੈੱਲਪਮੈਂਟ ਆਫਿਸ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਵਿਸ਼ਿਆਂ ਦੇ ਅਧਿਐਨ ਦੀ ਚਾਅ ਰੱਖਣ ਵਾਲੇ ਵਿਦੇਸ਼ੀ ਬਿਨੈਕਾਰਾਂ ਨਾਲ ਸੰਬੰਧਤ ਨਿਯਮਾਂ ਵਿਚ ਬਦਲਾਅ ਕਰੇਗੀ। ਇਹ ਬਦਲਾਅ ਇੰਟੇਲੈਕਚੁਅਲ ਪ੍ਰਾਪਰਟੀ (ਆਈ. ਪੀ.) ਦੀ ਚੋਰੀ ਦੇ ਖਤਰਿਆਂ ਨੂੰ ਦੇਖਦੇ ਹੋਏ ਕੀਤਾ ਜਾਵੇਗਾ।
ਬ੍ਰਿਟੇਨ ਨੂੰ ਇਸ ਗੱਲ ‘ਤੇ ਸ਼ੱਕ ਹੈ ਕਿ ਉਸ ਦੀ ਇੰਟੇਲੈਕਚੁਅਲ ਪ੍ਰਾਪਰਟੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੰਤਰੀਆਂ ਨੇ ਇਸ ਸਬੰਧੀ ਬਣ ਰਹੀ ਪਾਲਿਸੀ ‘ਤੇ ਦਸਤਖਤ ਕਰ ਦਿੱਤੇ ਹਨ। ਇਸ ਤੋਂ ਬਾਅਦ ਸੈਂਕੜੇ ਚੀਨੀ ਵਿਦਿਆਰਥੀਆਂ ਦੇ ਬ੍ਰਿਟੇਨ ਵਿਚ ਦਾਖਲੇ ‘ਤੇ ਰੋਕ ਲੱਗ ਸਕਦੀ ਹੈ। ਇੰਨਾ ਹੀ ਨਹੀਂ ਪਹਿਲਾਂ ਤੋਂ ਹੀ ਅਧਿਐਨ ਕਰਨ ਵਾਲਿਆਂ ਵਿਚ ਵੀ ਜਿਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗਣੀਆਂ ਉਨ੍ਹਾਂ ਦਾ ਵੀ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ।
ਸੂਤਰਾਂ ਮੁਤਾਬਕ, ਚੋਰੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿਚਾਲੇ ਅਕੈਡਮਿਕ ਤਕਨਾਲੋਜੀ ਅਪਰੂਵਲ ਸਕੀਮ (ਏ. ਟੀ. ਏ. ਐੱਸ.) ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਮੰਤਰੀ ਪ੍ਰੀਸ਼ਦ ਪੱਧਰ ‘ਤੇ ਫੈਸਲਾ ਲਿਆ ਜਾ ਰਿਹਾ ਹੈ। ਬ੍ਰਿਟੇਨ ਤੋਂ ਪਹਿਲਾਂ ਅਮਰੀਕਾ ਵੀ ਚੀਨ ਦੇ ਵਿਦਿਆਰਥੀਆਂ ‘ਤੇ ਆਈ. ਪੀ. ਚੋਰੀ ਕਰਨ ਦਾ ਦੋਸ਼ ਲਾਇਆ ਸੀ। ਅਮਰੀਕਾ ਵੱਲੋਂ ਇਹ ਕਦਮ ਮਈ ਵਿਚ ਚੁੱਕਿਆ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਉਸ ਨੇ ਕੁਝ ਚੀਨੀ ਵਿਦਿਆਰਥੀਆਂ ਅਤੇ ਖੋਜਕਾਰਾਂ ‘ਤੇ ਆਈ. ਪੀ. ਚੋਰੀ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅਮਰੀਕਾ ਵਿਚ ਐਂਟਰੀ ‘ਤੇ ਬੈਨ ਲਾ ਦਿੱਤਾ ਹੈ।


Share