ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ‘ਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਪੀੜਤ

846
Share

ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 10 ਲੱਖ ਤੋਂ ਵੱਧ
ਸਾਓ ਪਾਓਲੋ, 20 ਜੂਨ (ਪੰਜਾਬ ਮੇਲ)- ਬ੍ਰਾਜ਼ੀਲ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਵਿਚ 10 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ‘ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।  ਦੇਸ਼ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁੱਲ ਮਾਮਲਿਆਂ ਦੀ ਗਿਣਤੀ 10,32,913 ਹੈ ਜੋ ਕਿ ਵੀਰਵਾਰ ਦੀ ਗਿਣਤੀ ਦੇ ਮੁਕਾਬਲੇ 50,000 ਤੋਂ ਵੱਧ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਅੰਕੜਿਆਂ ਵਿੱਚ ਤਬਦੀਲੀ ਇੰਨੀ ਜ਼ਿਆਦਾ ਇਸ ਲਈ ਹੈ ਕਿਉਂਕਿ ਬੀਤੇ ਦਿਨ ਜਿਹੜੇ ਮਰੀਜ਼ਾਂ ਦੀ ਗਿਣਤੀ ਨਹੀਂ ਹੋ ਸਕੀ ਸੀ, ਉਨ੍ਹਾਂ ਦੇ ਨਾਂ ਹੁਣ ਦਰਜ ਕੀਤੇ ਗਏ ਹਨ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਅਜੇ ਵੀ ਕੋਵਿਡ -19 ਦੇ ਖਤਰੇ ਨੂੰ ਘੱਟ ਹੀ ਮੰਨ ਰਹੇ ਹਨ ਜਦੋਂ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਇੱਥੇ 50,000 ਤੋਂ ਵੱਧ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਸਮਾਜਿਕ ਮੇਲ-ਮਿਲਾਪ ਤੋਂ ਦੂਰੀ ਦਾ ਅਰਥਵਿਵਸਥਾ ‘ਤੇ ਵਾਇਰਸ ਦੇ ਮੁਕਾਬਲੇ ਕਿਤੇ ਜ਼ਿਆਦਾ ਖਰਾਬ ਅਸਰ ਪਵੇਗਾ। ਮਾਹਰ ਮੰਨਦੇ ਹਨ ਕਿ ਵਾਇਰਸ ਦੇ ਮਾਮਲੇ ਸਰਕਾਰੀ ਅੰਕੜਿਆਂ ਨਾਲੋਂ 7 ਗੁਣਾ ਜ਼ਿਆਦਾ ਹੋ ਸਕਦੇ ਹਨ। ਅਮਰੀਕਾ ਦੀ ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਬ੍ਰਾਜ਼ੀਲ ਵਿਚ ਹਰ ਰੋਜ਼ ਇਕ ਲੱਖ ਲੋਕਾਂ ‘ਚੋਂ 14 ਲੋਕ ਟੈਸਟ ਕਰਵਾ ਰਹੇ ਹਨ ਜੋ ਮਾਹਰਾਂ ਮੁਤਾਬਕ ਲੋੜ ਨਾਲੋਂ 20 ਗੁਣਾ ਘੱਟ ਹੈ।


Share