ਅਮਰੀਕਾ ਤੋਂ ਪੰਜਾਬ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

105
Share

ਅੰਮਿ੍ਰਤਸਰ, (ਪੰਜਾਬ ਮੇਲ)-ਅਮਰੀਕਾ ਤੋਂ ਪੰਜਾਬ ਗਏ 42 ਸਾਲਾ ਰਣਜੋਤ ਸਿੰਘ ਦੀ ਇਕ ਕਾਰ ਹਾਦਸੇ ’ਚ ਮਾਰੇ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਅਨੁਸਾਰ ਰਣਜੋਤ ਸਿੰਘ ਬਟਾਲੇ ਤੋਂ ਅੰਮਿ੍ਰਤਸਰ ਰਾਤ ਵੇਲੇ ਕਾਰ ’ਚ ਇਕੱਲਾ ਹੀ ਆਪਣੇ ਪਿੰਡ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਕਾਰ ਪਲਟਾ ਖਾ ਗਈ, ਜਿਸ ’ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਤ ਹਨੇਰਾ ਹੋਣ ਕਾਰਨ ਕਿਸੇ ਨੂੰ ਇਸ ਦੁਰਘਟਨਾ ਦਾ ਪਤਾ ਨਹੀਂ ਚੱਲਿਆ। ਪੁਲਿਸ ਘਟਨਾ ਸਥਾਨ ’ਤੇ ਸਵੇਰੇ ਪਹੁੰਚੀ। ਪੁਲਿਸ ਨੇ ਰਣਜੋਤ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ। ਪਤਾ ਲੱਗਾ ਹੈ ਕਿ ਇਸ ਦੁਰਘਟਨਾ ਦੌਰਾਨ ਰਣਜੋਤ ਸਿੰਘ ਦਾ ਪਰਸ, ਉਸ ਦਾ ਫੋਨ ਅਤੇ ਕੁੱਝ ਹੋਰ ਜ਼ਰੂਰੀ ਸਾਮਾਨ ਕਾਰ ਵਿਚੋਂ ਚੋਰੀ ਹੋ ਗਿਆ।
ਰਣਜੋਤ ਸਿੰਘ ਕੈਲੀਫੋਰਨੀਆ ਦੇ ਸ਼ਹਿਰ ਮਨਟੀਕਾ ਦਾ ਰਹਿਣ ਵਾਲਾ ਸੀ। ਉਸ ਦਾ ਪਿਛਲਾ ਪਿੰਡ ਅੰਮਿ੍ਰਤਸਰ ਜ਼ਿਲ੍ਹੇ ’ਚ ਸਭਰਾਵਾਂ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਬੇਟਾ ਅਤੇ ਇਕ ਬੇਟੀ ਨੂੰ ਰੌਂਦਿਆਂ-ਕੁਰਲਾਉਦਿਆਂ ਛੱਡ ਗਿਆ ਹੈ। ਰਣਜੋਤ ਸਿੰਘ ਦੀ ਮਿ੍ਰਤਕ ਦੇਹ ਅੰਮਿ੍ਰਤਸਰ ਦੇ ਇਕ ਹਸਪਤਾਲ ’ਚ ਰੱਖੀ ਗਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੰਡੀਆ ਪਹੁੰਚਣ ’ਤੇ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਰਣਜੋਤ ਸਿੰਘ ਆਪਣੀ ਰੀੜ੍ਹ ਦੀ ਹੱਡੀ ਦਾ ਇਲਾਜ ਕਰਾਉਣ ਲਈ ਪੰਜਾਬ ਗਿਆ ਸੀ। ਉਹ ਬਹੁਤ ਹੀ ਧਾਰਮਿਕ ਖਿਆਲਾਂ ਵਾਲਾ ਇਨਸਾਨ ਸੀ ਅਤੇ ਅਕਸਰ ਹੀ ਗੁਰਦੁਆਰਾ ਸਾਹਿਬ ਟਰੇਸੀ ਵਿਖੇ ਸੇਵਾ ਕਰਨ ਜਾਂਦਾ ਸੀ।

Share