ਅਮਰੀਕਾ: ਡੇਲ ਰਿਓ ਪੁਲ ਦੇ ਹੇਠਾਂ ਇਕੱਠੀ ਹੋਈ ਪ੍ਰਵਾਸੀਆਂ ਦੀ ਭੀੜ ਨੂੰ ਹਟਾਇਆ

360
Share

ਫਰਿਜ਼ਨੋ, 25 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਵਿੱਚ  ਡੇਲ ਰਿਓ ਦੇ ਅੰਤਰਰਾਸ਼ਟਰੀ ਪੁਲ ਦੇ ਹੇਠਾਂ ਡੇਰਾ ਲਗਾਏ ਹੋਏ ਤਕਰੀਬਨ 15,000 ਪ੍ਰਵਾਸੀਆਂ ਨੂੰ ਉੱਥੇ ਇਕੱਠੇ ਹੋਣ ਤੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਮਲੈਂਡ ਸੁਰੱਖਿਆ ਵਿਭਾਗ ਦੇ ਅਧਿਕਾਰੀ ਅਲੇਜੈਂਡਰੋ ਮਯੋਰਕਾਸ ਨੇ ਸ਼ੁੱਕਰਵਾਰ ਨੂੰ
ਦੱਸਿਆ ਕਿ 9 ਸਤੰਬਰ ਤੋਂ, ਡੇਲ ਰਿਓ ਵਿੱਚ ਬਾਰਡਰ ਪੈਟਰੋਲਿੰਗ ਅਧਿਕਾਰੀਆਂ ਨੂੰ ਹਜ਼ਾਰਾਂ ਗੈਰਕਾਨੂੰਨੀ  ਪ੍ਰਵਾਸੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹੈਤੀ ਦੇ ਸਨ। ਮਯੋਰਕਾਸ ਅਨੁਸਾਰ ਇੱਕ ਸਮੇਂ ਪੁਲ ਹੇਠਾਂ ਇਕੱਠੇ ਹੋਏ 15,000 ਦੇ ਕਰੀਬ ਅਜਿਹੇ ਪ੍ਰਵਾਸੀ ਜਿਹਨਾਂ ਦਾ ਕੋਵਿਡ -19 ਲਈ ਟੈਸਟ ਨਹੀਂ ਕੀਤਾ ਗਿਆ ਸੀ , ਨੂੰ ਸ਼ੁੱਕਰਵਾਰ ਸਵੇਰ ਤੱਕ ਹਟਾ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹਨਾਂ ਪ੍ਰਵਾਸੀਆਂ ਵਿੱਚੋਂ, ਲਗਭਗ 2,000 ਨੂੰ ਹੈਤੀ ਵਾਪਸ ਭੇਜਿਆ ਗਿਆ ਹੈ ‘ਤੇ, ਲਗਭਗ 8,000 ਮੈਕਸੀਕੋ ਵਾਪਸ ਗਏ ਹਨ ਜਦਕਿ 5,000 ਤੋਂ ਵੱਧ  ਪ੍ਰਵਾਸੀਆਂ ‘ਤੇ ਡੀ ਐਚ ਐਸ ਦੁਆਰਾ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਲਗਭਗ 12,400 ਪ੍ਰਵਾਸੀਆਂ ਦੇ ਕੇਸ ਇਮੀਗ੍ਰੇਸ਼ਨ ਜੱਜਾਂ ਦੁਆਰਾ ਸੁਣੇ ਜਾਣਗੇ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇਗੀ ਜਾਂ ਨਹੀਂ।

Share