ਅਮਰੀਕਾ: ਜੋਅ ਬਾਈਡੇਨ ਨੂੰ ਵੋਟ ਪਾਉਣ ਦੇ ਵਿਰੋਧ ‘ਚ ਕੀਤੀ ਔਰਤ ਦੀ ਹੱਤਿਆ

329
Share

ਫਰਿਜ਼ਨੋ (ਕੈਲੀਫੋਰਨੀਆ), 12 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਇੱਕ ਮਹਿਲਾ ਨੂੰ  ਰਾਸ਼ਟਰਪਤੀ ਚੋਣਾਂਂ ਵਿੱਚ ਜੋਅ ਬਾਈਡੇਨ ਨੂੰ ਵੋਟਾਂ ਪਾਉਣ ਦੀ ਕੀਮਤ ਆਪਣੀ ਜਾਣ ਦੇ ਕੇ ਚਕਾਉਣੀ ਪਈ। ਇਸ ਮਾਮਲੇ ਸਬੰਧੀ ਰਿਪੋਰਟਾਂ ਅਨੁਸਾਰ ਟੈਕਸਾਸ ਦੇ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਇੱਕ ਜੋੜੇ ‘ਤੇ ਹਮਲਾ ਕਰਦਿਆਂ ਇੱਕ ਔਰਤ ਨੂੰ ਮਾਰ ਦਿੱਤਾ ਅਤੇ ਉਸਦੇ ਪਤੀ ਨੂੰ ਵੀ ਗੋਲੀਆਂ ਮਾਰੀਆਂ, ਕਿਉਂਕਿ ਉਹ ਜੋਅ  ਬਾਈਡੇਨ ਦੇ ਵੋਟਰ ਸਨ। ਇੱਕ ਅਮਰੀਕੀ ਟੈਲੀਵਿਜ਼ਨ ਸਟੇਸ਼ਨ ਦੀ ਰਿਪੋਰਟ ਅਨੁਸਾਰ 38 ਸਾਲਾਂ ਜੋਸੇਫ ਏਂਜਲ ਅਲਵਾਰੇਜ਼ ਨੇ ਈਮੇਲਾਂ ਵਿੱਚ ਦਾਅਵਾ ਕੀਤਾ ਕਿ ਉਸਨੇ ਜੌਰਜੈਟ ਅਤੇ ਡੈਨੀਅਲ ਕੌਫਮੈਨ ਨਾਮ ਦੇ ਜੌੜੇ ਨੂੰ ਉਨ੍ਹਾਂ ਦੇ ਵਿਹੜੇ ਵਿੱਚ ਬਾਈਡੇਨ ਦੇ ਝੰਡੇ ਕਾਰਨ ਨਿਸ਼ਾਨਾ ਬਣਾਇਆ। ਇੱਕ ਅਪਰਾਧਿਕ ਸ਼ਿਕਾਇਤ ਰਾਹੀਂ ਖੁਲਾਸਾ ਹੋਇਆ ਸੀ ਕਿ  ਜੌਰਜੈਟ ਕੌਫਮੈਨ ਦੀ ਲਾਸ਼ ਉਸਦੇ ਗੈਰਾਜ ਦੇ ਅੰਦਰ ਮਿਲੀ ਸੀ ਅਤੇ ਉਸਦੇ ਪਤੀ ਡੈਨੀਅਲ ਕੌਫਮੈਨ  ਨੂੰ ਵੀ ਪੰਜ ਵਾਰ ਗੋਲੀ ਮਾਰੀ ਗਈ ਸੀ, ਪਰ ਉਹ ਕਿਸੇ ਤਰ੍ਹਾਂ ਮੱਦਦ ਲਈ ਆਪਣੇ  ਗੁਆਂਢੀਆਂ ਦੇ ਘਰ ਜਾਣ ਲਈ  ਕਾਮਯਾਬ ਰਿਹਾ। ਅਲਵਾਰੇਜ਼ ਨੇ 14 ਨਵੰਬਰ, 2020 ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ, ਇਸ ਜੋੜੇ ਨੂੰ  ਅਲ ਪਾਸੋ ਵਿੱਚ ਉਨ੍ਹਾਂ ਦੇ ਘਰ ‘ਚ ਨਿਸ਼ਾਨਾ ਬਣਾਇਆ। ਇਸ ਘਟਨਾ ਤੋਂ ਬਾਅਦ ਅਲਵਾਰੇਜ਼ ਨੂੰ ਤਕਰੀਬਨ ਇੱਕ ਸਾਲ ਬਾਅਦ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ । ਇਸ ਕੇਸ ਦੇ ਜਾਂਚ ਅਧਿਕਾਰੀਆਂ ਨੇ ਅਲਵਾਰੇਜ਼ ਦੁਆਰਾ 902 ਡੀ ਮਿਲਟਰੀ ਇੰਟੈਲੀਜੈਂਸ ਗਰੁੱਪ  ਨੂੰ ਕਥਿਤ ਤੌਰ ‘ਤੇ ਭੇਜੀ ਗਈ ਈਮੇਲ ਵਿੱਚ ਕੀਤੇ ਕੱਟੜਪੰਥੀ ਧਾਰਮਿਕ ਵਿਸ਼ਵਾਸ ਦੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ।

Share