ਅਮਰੀਕਾ ਛੂਤ ਦੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ 12.2 ਕਰੋੜ ਡਾਲਰ ਦੀ ਵਿੱਤੀ ਮਦਦ ਦਾ ਐਲਾਨ

12
Share

ਵਾਸ਼ਿੰਗਟਨ, 23 ਜੂਨ (ਪੰਜਾਬ ਮੇਲ)-ਅਮਰੀਕਾ ਨੇ ਭਾਰਤ ਦੀਆਂ ਤਿੰਨ ਪ੍ਰਮੁੱਖ ਮੈਡੀਕਲ ਖੋਜ ਸੰਸਥਾਵਾਂ ਨੂੰ ਮਹਾਮਾਰੀਆਂ ਨੂੰ ਰੋਕਣ, ਬੀਮਾਰੀ ਦੇ ਖ਼ਤਰਿਆਂ ਦਾ ਜਲਦੀ ਪਤਾ ਲਗਾਉਣ ਅਤੇ ਤੇਜ਼ੀ ਨਾਲ ਪ੍ਰਭਾਵੀ ਕਦਮ ਚੁੱਕਣ ਲਈ ਕਰੀਬ 12.2 ਕਰੋੜ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ 12,24,75,000 ਡਾਲਰ ਦੀ ਕੁੱਲ ਧਨ ਰਾਸ਼ੀ, 3 ਪ੍ਰਮੁੱਖ ਭਾਰਤੀ ਸਿਹਤ ਖੋਜ ਸੰਸਥਾਵਾਂ-ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.), ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐੱਨ.ਆਈ.ਵੀ.) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਮਯੂਨੋਲੋਜੀ (ਐੱਨ.ਆਈ.ਵੀ.) ਨੂੰ 5 ਸਾਲ ਦੀ ਮਿਆਦ ਵਿਚ ਦਿੱਤੀ ਜਾਵੇਗੀ।
ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਫੰਡ ਇਕ ਅਜਿਹਾ ਭਾਰਤ ਬਣਾਉਣ ਵਿਚ ਮਦਦ ਕਰੇਗਾ, ਜੋ ਛੂਤ ਦੀਆਂ ਬੀਮਾਰੀਆਂ ਦੇ ਖ਼ਤਰਿਆਂ ਦੇ ਲਿਹਾਜ਼ ਨਾਲ ਸੁਰੱਖਿਅਤ ਹੋਵੇਗਾ। ਸੀ.ਡੀ.ਸੀ. ਮੁਤਾਬਕ ਇਸ ਮਦਦ ਨਾਲ ਸਿਹਤ ਸੰਸਥਾਵਾਂ ਨੂੰ ਉਭਰਦੇ ਅਤੇ ਫਿਰ ਤੋਂ ਉਭਰਦੇ ਰੋਗਾਣੂਆਂ ’ਤੇ ਧਿਆਨ ਕੇਂਦਰਿਤ ਕਰਨ ਵਿਚ ਮਦਦ ਮਿਲੇਗੀ। ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇਸ ਦੇ ਮੁੱਖ ਉਦੇਸ਼ਾਂ ਵਿਚ ਸਿਹਤ ਆਧਾਰਿਤ ਦਿ੍ਰਸ਼ਟੀਕੋਣ ਜ਼ਰੀਏ ‘ਜ਼ੂਨੋਟਿਕ’ ਬਿਮਾਰੀ ਦੇ ਪ੍ਰਕੋਪ ਦਾ ਪਤਾ ਲਗਾਉਣਾ ਅਤੇ ਉਸ ਨੂੰ ਕੰਟਰੋਲ ਕਰਨਾ, ਵੈਕਸੀਨ ਸੁਰੱਖਿਆ ਨਿਗਰਾਨੀ ਪ੍ਰਣਾਲੀਆਂ ਦਾ ਮੁਲਾਂਕਣ ਕਰਨਾ, ਮਹਾਮਾਰੀ ਵਿਚ ਜਨਤਕ ਸਿਹਤ ਕਰਮਚਾਰੀਆਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਉਸ ਨਾਲ ਨਜਿੱਠਣਾ ਆਦਿ ਸ਼ਾਮਲ ਹੈ।
‘ਜ਼ੂਨੋਟਿਕ’ ਬੀਮਾਰੀਆਂ ਉਹ ਬੀਮਾਰੀਆਂ ਹੁੰਦੀਆਂ ਹਨ, ਜੋ ਜਾਨਵਰਾਂ ਤੋਂ ਮਨੁੱਖਾਂ ਵਿਚ ਸੰਚਾਰਿਤ ਹੁੰਦੀਆਂ ਹਨ। ਸੀ.ਡੀ.ਸੀ. ਨੇ ਕਿਹਾ ਕਿ ਆਈ.ਸੀ.ਐੱਮ.ਆਰ. ਇਸ ਕੰਮ ਨੂੰ ਕਰਨ ਲਈ ਇਕ ਸ਼ਾਨਦਾਰ ਸਥਿਤੀ ਵਿਚ ਹੈ, ਕਿਉਂਕਿ ਇਸ ਨੂੰ ਮੂਲ ਰੂਪ ਨਾਲ ਭਾਰਤ ਵਿਚ ਬਾਇਓਮੈਡੀਕਲ ਖੋਜ ਦੇ ਨਿਰਮਾਣ, ਤਾਲਮੇਲ ਅਤੇ ਪ੍ਰਚਾਰ ਲਈ ਇਕ ਸਿਖਰ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ ਅਤੇ ਹਾਲ ਹੀ ਦੇ ਸਾਲਾਂ ਵਿਚ ਇਸ ਨੇ ਛੂਤ ਦੀਆਂ ਬਿਮਾਰੀਆਂ ਦੀ ਪ੍ਰਯੋਗਸ਼ਾਲਾ-ਆਧਾਰਿਤ ਨਿਗਰਾਨੀ ਵੀ ਕੀਤੀ ਹੈ। ਇਸ ਫੰਡ ਨੂੰ 30 ਸਤੰਬਰ 2022 ਤੋਂ ਜਾਰੀ ਕੀਤਾ ਜਾਵੇਗਾ।

Share