ਅਮਰੀਕਾ ‘ਚ 82 ਸਾਲਾਂ ਔਰਤ ਨੇ ਸਪੇਸ ਯਾਤਰਾ ਕਰਕੇ ਰਚਿਆ ਇਤਿਹਾਸ

141
Share

ਫਰਿਜ਼ਨੋ, 21 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਕਰੋੜਪਤੀ ਵਿਅਕਤੀ ਜੈੱਫ ਬੇਜੋਸ਼ ਦੀ ਪ੍ਰਾਈਵੇਟ ਸਪੇਸ ਕੰਪਨੀ ਬਲਿਊ ਓਰੀਜ਼ਨ ਵੱਲੋਂ ਸਪੇਸ ਵਿੱਚ ਭਰੀ ਗਈ ਮਨੁੱਖੀ ਉਡਾਣ ਵਿੱਚ ਇੱਕ 82 ਸਾਲਾਂ ਔਰਤ ਨੇ ਸ਼ਾਮਲ ਹੋ ਕੇ ਇਤਿਹਾਸ ਰਚਿਆ ਹੈ। ਵੈਲੀ ਫੰਕ ਨਾਮ ਦੀ ਇਸ ਬਜੁਰਗ ਮਹਿਲਾ ਨੇ ਦਹਾਕਿਆਂ ਪਹਿਲਾਂ ਵੀ  ਸਪੇਸ (ਪੁਲਾੜ) ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੂੰ ਇਨਕਾਰ ਕਰ ਦਿੱਤਾ ਗਿਆ ਸੀ। ਪਰ ਮੰਗਲਵਾਰ 20 ਜੁਲਾਈ ਨੂੰ ਜੈੱਫ ਬੇਜੋਸ਼ ਨਾਲ ਇਸ ਬਜੁਰਗ ਮਹਿਲਾ ਨੇ ਧਰਤੀ ਤੋਂ ਬਾਹਰਲੀ ਦੁਨੀਆਂ ਨੂੰ ਵੇਖਣ ਦਾ ਸੁਪਨਾ ਪੂਰਾ ਕੀਤਾ। ਫੰਕ ਨੇ ਕਿਹਾ ਕਿ ਉਸਨੂੰ ਇਸ ਮੌਕੇ ਦਾ ਲੰਬੇ ਸਮੇਂ ਤਕਰੀਬਨ 60 ਸਾਲ ਤੋਂ ਇੰਤਜ਼ਾਰ ਸੀ ਅਤੇ ਉਸਨੇ ਮੰਗਲਵਾਰ ਨੂੰ ਸਪੇਸ ਵਿੱਚ 10 ਮਿੰਟ ਦੀ ਯਾਤਰਾ ਲਈ ਬਲਿਊ ਓਰੀਜ਼ਨ ਦੇ ਸਪੇਸ ਕ੍ਰਾਫਟ ਵਿੱਚ ਪੱਛਮੀ ਟੈਕਸਸ ਤੋਂ ਉਡਾਣ ਭਰੀ। 1960 ਦੇ ਦਹਾਕੇ ਵਿਚ, ਫੰਕ 13 ਔਰਤਾਂ ਦੇ ਸਮੂਹ “ਮਰਕਰੀ 13,” ਦੀ ਸਭ ਤੋਂ ਛੋਟੀ ਮੈਂਬਰ ਸੀ। ਫੰਕ  82 ਸਾਲ ਦੀ ਉਮਰ ਵਿੱਚ ਸਪੇਸ ਯਾਤਰਾ ਕਰਕੇ ਇੱਕ ਹੋਰ ਬਜੁਰਗ ਸਪੇਸ ਯਾਤਰੀ ਗਲੇਨ ਦੇ ਰਿਕਾਰਡ ਨੂੰ ਪੰਜ ਸਾਲਾਂ ਦੇ ਫਰਕ ਨਾਲ ਤੋੜ ਕੇ ਸਭ ਤੋਂ ਬਜੁਰਗ ਪੁਲਾੜ ਯਾਤਰੀ ਬਣ ਗਈ ਹੈ।

Share