ਅਮਰੀਕਾ ‘ਚ 6 ਮਹੀਨੇ ਅੰਦਰ ਹੋਵੇਗਾ ਗ੍ਰੀਨ ਕਾਰਡ ਨਾਲ ਜੁੜੀਆਂ ਅਰਜ਼ੀਆਂ ਦਾ ਨਿਪਟਾਰਾ

53
Share

– ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਨੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਦਿੱਤੀ ਮਨਜ਼ੂਰੀ
– ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸੈਂਕੜੇ ਭਾਰਤੀ-ਅਮਰੀਕੀਆਂ ਨੂੰ ਹੋਵੇਗਾ ਫਾਇਦਾ
ਵਾਸ਼ਿੰਗਟਨ, 18 ਮਈ (ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਗਰੀਨ ਕਾਰਡ ਜਾਂ ਸਥਾਈ ਰਿਹਾਇਸ਼ ਨਾਲ ਸਬੰਧਤ ਸਾਰੀਆਂ ਅਰਜ਼ੀਆਂ ਦਾ ਨਿਬੇੜਾ ਛੇ ਮਹੀਨੇ ਅੰਦਰ ਕਰਨ ਦਾ ਸੁਝਾਅ ਦੇਣ ਸਬੰਧੀ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਜੇਕਰ ਵ੍ਹਾਈਟ ਹਾਊਸ ਵੱਲੋਂ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਲੰਮੇ ਸਮੇਂ ਤੋਂ ਗਰੀਨ ਕਾਰਡ ਦੀ ਉਡੀਕ ਕਰ ਰਹੇ ਸੈਂਕੜੇ ਭਾਰਤੀ-ਅਮਰੀਕੀਆਂ ਲਈ ਇਹ ਵੱਡੀ ਖੁਸ਼ਖ਼ਬਰੀ ਹੋਵੇਗੀ।
ਪ੍ਰੈਜ਼ੀਡੈਂਟਸ ਐਡਵਾਇਜ਼ਰੀ ਕਮਿਸ਼ਨ ਦੀ ਬੈਠਕ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਜੈ ਜੈਨ ਭੂਟੋਰੀਆ ਨੇ ਇਸ ਸਬੰਧ ਵਿਚ ਇਕ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸਾਰੇ 25 ਕਮਿਸ਼ਨਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਰਾਜਧਾਨੀ ਵਿਚ ਆਯੋਜਿਤ ਇਸ ਬੈਠਕ ਦਾ ਪਿਛਲੇ ਹਫ਼ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਗ੍ਰੀਨ ਕਾਰਡ ਦੀਆਂ ਲੰਬਿਤ ਅਰਜ਼ੀਆਂ ਦੀ ਸੰਖਿਆ ਘਟਾਉਣ ਲਈ ਸਲਾਹਕਾਰ ਕਮਿਸ਼ਨ ਨੇ ‘ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵੀਸਜ਼ (ਯੂ.ਐੱਸ.ਸੀ.ਆਈ.ਐੱਸ.)’ ਨੂੰ ਆਪਣੀਆਂ ਪ੍ਰਕਿਰਿਆਵਾਂ, ਪ੍ਰਣਾਲੀਆਂ ਅਤੇ ਨੀਤੀਆਂ ਦੀ ਸਮੀਖਿਆ ਕਰਨ, ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾ ਕੇ ਇਸ ਨੂੰ ਨਵੀਂ ਰੂਪ-ਰੇਖਾ ਦੇਣ, ਬੇਲੋੜੀ ਪ੍ਰਕਿਰਿਆ ਨੂੰ ਸਮਾਪਤ ਕਰਨ (ਜੇਕਰ ਕੋਈ ਹੋਵੇ ਤਾਂ), ਕਿਸੇ ਵੀ ਮਨਜ਼ੂਰੀ ਨੂੰ ਸਵੈਚਲਿਤ ਬਣਾਉਣ ਅਤੇ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਹੈ।
ਇਸ ਦਾ ਉਦੇਸ਼ ਪਰਿਵਾਰ-ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ, ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ’ (ਡੀ.ਏ.ਸੀ.ਏ.) ਪਾਲਿਸੀ ਦਾ ਨਵੀਨੀਕਰਨ, ਹੋਰ ਸਾਰੀਆਂ ਗ੍ਰੀਨ ਕਾਰਡ ਅਰਜ਼ੀਆਂ ਲਈ ਪ੍ਰੋਸੈਸਿੰਗ ਸਮੇਂ ਨੂੰ ਘਟਾਉਣਾ ਅਤੇ ਅਰਜ਼ੀਆਂ ਮਿਲਣ ਦੇ 6 ਮਹੀਨਿਆਂ ਦੇ ਅੰਦਰ ਇਸ ਦੀ ਨਿਪਟਾਰਾ ਕਰਨਾ ਹੈ। ਭੂਟੋਰੀਆ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ, ਵਿੱਤੀ ਸਾਲ 2021 ਲਈ ਉਪਲੱਬਧ 2,26,000 ਗ੍ਰੀਨ ਕਾਰਡਾਂ ਵਿਚੋਂ, ਪਰਿਵਾਰ ਆਧਾਰਿਤ ਸਿਰਫ਼ 65,452 ਗ੍ਰੀਨ ਕਾਰਡ ਜਾਰੀ ਕੀਤੇ ਗਏ ਸਨ। ਉਥੇ ਹੀ ਅਪ੍ਰੈਲ 2022 ਵਿਚ, ਇਸ ਸਬੰਧ ਵਿਚ 421,358 ਲੋਕਾਂ ਦੇ ਇੰਟਰਵਿਊ ਪੈਂਡਿੰਗ ਸਨ, ਜਦੋਂ ਕਿ ਮਾਰਚ ਵਿਚ ਇਹ ਗਿਣਤੀ 436,700 ਸੀ।


Share