ਅਮਰੀਕਾ ‘ਚ 50-60 ਲੱਖ ਲੋਕ ਆ ਸਕਦੇ ਨੇ ਕੋਰੋਨਾ ਮਹਾਮਾਰੀ ਦੀ ਲਪੇਟ ‘ਚ!

835

– ਬੇਪ੍ਰਵਾਹ ਅਮਰੀਕੀ ਲੋਕ ਇਸ ਵਾਧੇ ਦਾ ਬਣਨਗੇ ਕਾਰਣ
– ਜੇ ਵੈਕਸੀਨ ਨਾ ਆਈ, ਤਾਂ 2024 ਤੱਕ 14 ਲੱਖ ਤੱਕ ਪਹੁੰਚ ਸਕਦਾ ਹੈ ਮੌਤਾਂ ਦਾ ਅੰਕੜਾ
ਵਾਸ਼ਿੰਗਟਨ, 27 ਮਈ (ਪੰਜਾਬ ਮੇਲ)- ਕੋਰੋਨਾ ਇਨਫੈਕਟਿਡ ਮਰੀਜ਼ਾਂ ਤੇ ਮੌਤਾਂ ਦੇ ਮਾਮਲੇ ‘ਚ ਅਮਰੀਕਾ ਪੂਰੀ ਦੁਨੀਆ ਵਿਚ ਚੌਟੀ ‘ਤੇ ਹੈ। ਇਥੇ ਹੁਣ ਤੱਕ ਇਸ ਜਾਨਲੇਵਾ ਵਾਇਰਸ ਕਾਰਣ 17 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ, ਉਥੇ ਪੂਰੇ ਦੇਸ਼ ਵਿਚ ਹੁਣ ਤੱਕ 1 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਦੁਨੀਆਂ ਦੀ ਮਹਾਸ਼ਕਤੀ ਦੇ ਲਈ ਇਹ ਅੰਕੜਾ ਹੈਰਾਨ ਕਰਨ ਵਾਲਾ ਹੈ। ਇਸ ਦੇ ਬਾਵਜੂਦ ਵੀ ਇਥੋਂ ਦੇ ਵੱਖ-ਵੱਖ ਸ਼ਹਿਰਾਂ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਆਪਣੇ ਆਪ ਵਿਚ ਇਥੋਂ ਦੀ ਸੱਚਾਈ ਨੂੰ ਬਿਆਨ ਕਰ ਰਹੀਆਂ ਹਨ, ਜਿਸ ਦੀ ਬਦੌਲਤ ਇਥੇ ਇੰਨੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਵੀ ਇਥੋਂ ਦੇ ਲੋਕਾਂ ਨੂੰ ਲਾਪ੍ਰਵਾਹ ਕਹੇਗਾ।
ਮੌਤਾਂ ਦੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨਾਲ ਬੇਪ੍ਰਵਾਹ ਅਮਰੀਕੀ, ਸੋਮਵਾਰ ਨੂੰ ਸਮੁੰਦਰੀ ਤੱਟਾਂ ‘ਤੇ ਧੁੱਪ ਸੇਕਣ, ਕਿਸ਼ਤੀਆਂ ਰਾਹੀਂ ਮੱਛੀਆਂ ਫੜਨ ਤੇ ਤੈਰਾਕੀ ਕਰਦੇ ਨਜ਼ਰ ਆਏ। ਫਲੋਰਿਡਾ, ਨਿਊਯਾਰਕ ਤੇ ਹੋਰ ਤੱਟੀ ਇਲਾਕਿਆਂ ‘ਚ ਹਜ਼ਾਰਾਂ ਲੋਕ ਬੀਚ ‘ਤੇ ਉਮੜੇ। ਇਥੇ ਹੋ ਰਹੀ ਪੂਲ ਤੇ ਕਲੱਬ ਪਾਰਟੀਆਂ ਦੀ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਧੜੱਲੇ ਨਾਲ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ, ਮੈਮੋਰੀਅਲ ਡੇ ਦੇ ਮੌਕੇ ‘ਤੇ ਵੀ ਲੋਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਸਾਫ ਦੇਖੇ ਗਏ। ਇਹ ਦਿਨ ਅਮਰੀਕਾ ਵਲੋਂ ਲੜੇ ਗਏ ਯੁੱਧ ‘ਚ ਮਾਰੇ ਗਏ ਫੌਜੀਆਂ ਨੂੰ ਸਮਰਪਿਤ ਹੈ, ਜੋ 25 ਮਈ ਨੂੰ ਮਨਾਇਆ ਗਿਆ ਸੀ।
ਪੂਰੇ ਦੇਸ਼ ਤੋਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਵਿਚ ਲੋਕ ਬਿਨਾਂ ਮਾਸਕ ਲਗਾਏ ਤੇ ਇਕ-ਦੂਜੇ ਤੋਂ ਦੂਰੀ ਬਣਾਉਣ ਦੇ ਆਮ ਨਿਯਮਾਂ ਦਾ ਪਾਲਣ ਕਰਦੇ ਵੀ ਨਹੀਂ ਦਿਖਾਈ ਦਿੱਤੇ। ਇਹ ਮਾਹੌਲ ਉਦੋਂ ਹੈ, ਜਦੋਂ ਇਥੇ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ ਤੇ ਹੁਣ ਤੱਕ ਇਸ ਦੀ ਦਵਾਈ ਵੀ ਵਿਕਸਿਤ ਨਹੀਂ ਕੀਤੀ ਜਾ ਸਕੀ ਹੈ।
ਲੋਕਾਂ ਦੀ ਇਸ ਭੀੜ ਦੇ ਪਿੱਛੇ ਅਸਲ ਵਿਚ ਦੇਸ਼ ਦੇ ਸਾਰੇ 50 ਸੂਬਿਆਂ ‘ਚ ਲਾਕਡਾਊਨ ਵਿਚ ਦਿੱਤੀ ਗਈ ਢਿੱਲ ਹੈ, ਜਿਸ ਦੀ ਇਹ ਲੋਕ ਬਿਨਾਂ ਕਾਰਣ ਵਰਤੋਂ ਕਰ ਰਹੇ ਹਨ ਤੇ ਲਾਪ੍ਰਵਾਹੀ ਵਰਤ ਰਹੇ ਹਨ। ਤੁਹਾਨੂੰ ਇਥੇ ਇਹ ਦੱਸ ਦਈਏ ਕਿ ਅਮਰੀਕੀ ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟੀਕਾ ਨਾ ਬਣਿਆ ਤੇ ਇਨਫੈਕਸ਼ਨ ਇਸੇ ਤਰ੍ਹਾਂ ਵਧਦਾ ਰਿਹਾ, ਤਾਂ ਦੇਸ਼ ਵਿਚ 50-60 ਲੱਖ ਲੋਕ ਮਹਾਮਾਰੀ ਦੀ ਲਪੇਟ ‘ਚ ਆਉਣਗੇ। ਉਥੇ ਹੀ ਮੌਤਾਂ ਦਾ ਅੰਕੜਾ 2024 ਤੱਕ 14 ਲੱਖ ਤੱਕ ਪਹੁੰਚ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਕੋਰੋਨਾਵਾਇਰਸ ਦਾ ਕਹਿਰ ਸਭ ਤੋਂ ਵਧੇਰੇ ਨਿਊਯਾਰਕ ‘ਤੇ ਵਰ੍ਹਿਆ ਹੈ।
ਦੇਸ਼ ਦੇ ਕੁੱਲ ਮਾਮਲਿਆਂ ਦੇ ਇਕੱਲੇ 22 ਫੀਸਦੀ ਮਾਮਲੇ ਇਥੋਂ ਹੀ ਸਾਹਮਣੇ ਆਏ ਹਨ। ਨਿਊਯਾਰਕ ਵਿਚ ਹੁਣ ਤੱਕ 3,72,494 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 29,310 ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਸੂਬੇ ਵਿਚ ਕਈ ਦੇਸ਼ਾਂ ਦੇ ਰਾਜਦੂਤਾਂ ਸਣੇ ਕਈ ਵੱਡੀਆਂ ਕੰਪਨੀਆਂ ਦੇ ਹੈੱਡ ਆਫਿਸ ਵੀ ਹਨ। ਅਮਰੀਕਾ ਵਿਚ ਇਸ ਜਾਨਲੇਵਾ ਵਾਇਰਸ ਦੇ ਕਾਰਣ ਹੋਈਆਂ ਮੌਤਾਂ ਵਿਚ ਨਿਊਯਾਰਕ, ਤੋਂ ਬਾਅਦ ਨਿਊਜਰਸੀ, ਮੈਸਾਚਯੁਸੇਟਸ, ਮਿਸ਼ਿਗਨ, ਪੈਨਸਲਵੇਨੀਆ, ਇਲਿਨੋਯਸ ਹਨ। ਇਨ੍ਹਾਂ 6 ਸੂਬਿਆਂ ਵਿਚ ਕੋਰਨਾ ਵਾਇਰਸ ਕਾਰਣ 62,183 ਤੋਂ ਵਧੇਰੇ ਮੌਤਾਂ ਹੋਈਆਂ ਹਨ।