-ਹੁਣ ਸਾਰੇ ਬਾਲਗ ਲਗਵਾ ਸਕਦੇ ਨੇ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਡੋਜ਼
ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)-ਅਮਰੀਕਾ ’ਚ ਹੁਣ ਸਾਰੇ ਬਾਲਗ ਕੋਰੋਨਾ ਰੋਕੂ ਟੀਕੇ ਦੀ ਵਾਧੂ ਡੋਜ਼ ਲਗਵਾ ਸਕਦੇ ਹਨ ਤੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਰੋਕਣ ਤੇ ਸਰਦੀਆਂ ’ਚ ਇਸ ਦਾ ਕਹਿਰ ਜ਼ਿਆਦਾ ਨਾ ਹੋਵੇ, ਇਸ ਲਈ 50 ਸਾਲ ਅਤੇ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਅਪੀਲ ਕੀਤੀ ਗਈ ਹੈ। ਨਵੇਂ ਨਿਯਮਾਂ ਦੇ ਅਨੁਸਾਰ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕੋਵਿਡ ਰੋਕੂ ਟੀਕੇ ਦੀ ਆਖਰੀ ਖੁਰਾਕ ਲੈਣ ਤੋਂ ਛੇ ਮਹੀਨਿਆਂ ਬਾਅਦ ਫਾਈਜ਼ਰ ਜਾਂ ਮੋਡਰਨਾ ਦੀ ਵਾਧੂ ਖੁਰਾਕ ਲੈ ਸਕਦਾ ਹੈ। ਜਾਨਸਨ ਐਂਡ ਜਾਨਸਨ ਦੀ ਇਕ ਡੋਜ਼ ਵਾਲਾ ਟੀਕਾ ਲਗਵਾਉਣ ਵਾਲੇ ਲੋਕ ਇਸ ਦੇ ਦੋ ਮਹੀਨਿਆਂ ਬਾਅਦ ਇਕ ਵਾਧੂ ਖੁਰਾਕ ਲੈ ਸਕਦੇ ਹਨ। ਇਸ ਤੋਂ ਪਹਿਲਾਂ ਤੱਕ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਸੀ ਕਿ ਕੌਣ ਬੂਸਟਰ ਡੋਜ਼ ਲਈ ਯੋਗ ਹੈ ਅਤੇ ਕੌਣ ਉਮਰ, ਸਿਹਤ ਤੇ ਪਿਛਲੇ ਟੀਕਿਆਂ ਦੇ ਆਧਾਰ ’ਤੇ ਨਹੀਂ ਹੈ।
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਦੇ ਵੈਕਸੀਨ ਦੇ ਮੁਖੀ ਡਾ. ਪੀਟਰ ਮਾਰਕਸ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ, ‘‘ਸਾਨੂੰ ਸਪੱਸ਼ਟ ਤੌਰ ’ਤੇ ਪਤਾ ਸੀ ਕਿ ਲੋਕਾਂ ਨੂੰ ਕੁਝ ਸਾਧਾਰਨ ਚੀਜ਼ ਦੀ ਲੋੜ ਹੈ ਅਤੇ ਮੇਰੇ ਖਿਆਲ ਨਾਲ ਇਹ ਅਜਿਹਾ ਹੀ ਹੈ।’’ ਨਵੀਂ ਨੀਤੀ ਦੇ ਸ਼ੁੱਕਰਵਾਰ ਦੇਰ ਰਾਤ ਅਧਿਕਾਰਤ ਰੂਪ ਲੈਣ ਤੋਂ ਪਹਿਲਾਂ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਦੇ ਵਿਗਿਆਨਿਕ ਸਲਾਹਕਾਰਾਂ ਨੇ ਸ਼ੁੱਕਰਵਾਰ ਜ਼ੋਰ ਦੇ ਕੇ ਕਿਹਾ ਸੀ ਕਿ ਸਾਰੇ ਬਾਲਗਾਂ ਲਈ ਬੂਸਟਰ ਡੋਜ਼ ਪ੍ਰਦਾਨ ਕਰਨ ਦੇ ਨਾਲ-ਨਾਲ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਾਧੂ ਖੁਰਾਕਾਂ ਲੈਣ ਲਈ ਕਿਹਾ ਜਾਣਾ ਚਾਹੀਦਾ ਹੈ। ਸੀ.ਡੀ.ਸੀ. ਦੇ ਸਲਾਹਕਾਰ ਡਾਕਟਰ ਮੈਥਿਊ ਡੇਲੀ ਨੇ ਕਿਹਾ, ‘‘ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਜਿੰਨਾ ਸੰਭਵ ਹੋ ਸਕੇ ਸੁਰੱਖਿਆ ਪ੍ਰਦਾਨ ਕਰੀਏ।’’