ਅਮਰੀਕਾ ’ਚ 2021 ਦੌਰਾਨ ਸ਼ਰਨਾਰਥੀਆਂ ਦਾ ਦਾਖਲਾ ਘੱਟਿਆ

440
ਇਸ ਸਾਲ 31 ਅਗਸਤ ਨੂੰ ਕਾਬੁਲ ਵਿਚੋਂ ਕੱਢੇ ਗਏ ਅਫਗਾਨ ਸ਼ਰਨਾਰਥੀ ਵਰਜੀਨੀਆ ਦੇ ਡੂਲਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਬਾਹਰ ਜਾਂਦੇ ਹੋਏ ਨਜ਼ਰ ਆ ਰਹੇ ਹਨ। ਫਾਈਲ ਤਸਵੀਰ
Share

* ਪਿਛਲੇ 40 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ
ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਨੇ ਮਾਲੀ ਸਾਲ 2021 ਦੌਰਾਨ ਆਪਣੇ ਸ਼ਰਨਾਰਥੀ ਦਾਖਲਾ ਪ੍ਰੋਗਰਾਮ ਤਹਿਤ 11,411 ਲੋਕਾਂ ਨੂੰ ਦੇਸ਼ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ, ਜੋ ਪਿਛਲੇ ਸਾਲਾਂ ਦੀ ਤੁਲਨਾ ਵਿਚ ਸਭ ਤੋਂ ਘੱਟ ਹੈ। ਇਹ ਪ੍ਰਗਟਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਕੀਤਾ ਹੈ। 2021 ’ਚ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਭ ਤੋਂ ਘੱਟ ਸ਼ਰਨਾਰਥੀਆਂ ਨੂੰ ਅਮਰੀਕਾ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਾਲੀ ਸਾਲ 2020 ’ਚ ਸਭ ਤੋਂ ਘੱਟ 11,814 ਸ਼ਰਨਾਰਥੀਆਂ ਨੂੰ ਅਮਰੀਕਾ ’ਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਦੂਸਰੇ ਦੇਸ਼ਾਂ ਦੀ ਤੁਲਨਾ ’ਚ ਪਿਛਲੇ ਕਈ ਸਾਲਾਂ ਦੌਰਾਨ ਅਮਰੀਕਾ ਸ਼ਰਨਾਰਥੀਆਂ ਨੂੰ ਖੁੱਲੇਆਮ ਸਵਿਕਾਰਦਾ ਰਿਹਾ ਹੈ ਪਰੰਤੂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਰਨਾਰਥੀਆਂ ਦੇ ਅਮਰੀਕਾ ’ਚ ਪ੍ਰਵੇਸ਼ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ, ਜਿਨ੍ਹਾਂ ਸਦਕਾ ਯੋਗ ਸ਼ਰਨਾਰਥੀਆਂ ਦੀ ਚੋਣ ਦਾ ਰਾਹ ਔਖਾ ਕਰ ਦਿੱਤਾ ਗਿਆ। ਰਾਸ਼ਟਰਪਤੀ ਜੋਅ ਬਾਇਡਨ ਨੇ ਕਾਫੀ ਝਿਜਕ ਤੋਂ ਬਾਅਦ ਮਾਲੀ ਸਾਲ 2021 ਦੌਰਾਨ ਸ਼ਰਨਾਰਥੀਆਂ ਦੀ ਸੀਮਾ ਵਧਾ ਕੇ 62,500 ਕਰ ਦਿੱਤੀ ਸੀ, ਜੋ ਸੀਮਾ ਪਹਿਲਾਂ 50 ਹਜ਼ਾਰ ਤੋਂ ਕੁਝ ਵਧ ਸੀ। ਵਧਾਈ ਸੀਮਾ ਵੀ ਪਿਛਲੇ ਮਹੀਨੇ ਖਤਮ ਹੋ ਗਈ ਹੈ। ਬਾਇਡਨ ਪ੍ਰਸ਼ਾਸਨ ਦੀ ਮਾਲੀ ਸਾਲ 2022 ਦੌਰਾਨ ਸ਼ਰਨਾਰਥੀਆਂ ਦੀ ਸੀਮਾ ਵਧਾ ਕੇ 1,25,000 ਕਰਨ ਦੀ ਯੋਜਨਾ ਹੈ ਪਰੰਤੂ ਜਿਸ ਤਰ੍ਹਾਂ ਦੇ ਮਾਪਦੰਡ ਸ਼ਰਨਾਰਥੀ ਦਾਖਲਾ ਪ੍ਰੋਗਰਾਮ ਤਹਿਤ ਲਾਗੂ ਕੀਤੇ ਜਾ ਚੁੱਕੇ ਹਨ, ਉਨ੍ਹਾਂ ਤਹਿਤ ਇੰਨੇ ਸ਼ਰਨਾਰਥੀਆਂ ਦਾ ਅਮਰੀਕਾ ਵਿਚ ਪ੍ਰਵੇਸ਼ ਮੁਸ਼ਕਿਲ ਲੱਗਦਾ ਹੈ। ਅਮਰੀਕਾ ਦੀ ਇਸ ਪਹੁੰਚ ਤੋਂ ਸ਼ਰਨਾਰਥੀ ਸਮਰਥਕ ਸੰਸਥਾਵਾਂ ਨਿਰਾਸ਼ ਹਨ। ਲੂਥਰਨ ਇਮੀਗ੍ਰੇਸ਼ਨ ਐਂਡ ਰਫਿਊਜ਼ੀ ਸਰਵਿਸ ਦੀ ਸੀ.ਈ.ਓ. ਤੇ ਪ੍ਰਧਾਨ ਕਿ੍ਰਸ ਓ ਮਾਰਾ ਵਿਗਨਾਰਾਜਾਹ ਨੇ ਇਕ ਬਿਆਨ ਵਿਚ ਕਿਹਾ ਹੈ ਕਿ ‘‘ਮਾਲੀ ਸਾਲ 2021 ਦੌਰਾਨ ਸ਼ਰਨਾਰਥੀਆਂ ਦੀ ਹੇਠਲੇ ਪੱਧਰ ’ਤੇ ਪੁੱਜੀ ਗਿਣਤੀ ਤੋਂ ਉਹ ਨਿਰਾਸ਼ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਟਰੰਪ ਪ੍ਰਸ਼ਾਸਨ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਕਿਸ ਤਰ੍ਹਾਂ ਸ਼ਰਨਾਰਥੀ ਦਾਖਲਾ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਹੈ ਤੇ ਸ਼ਰਨਾਰਥੀਆਂ ਦੇ ਅਮਰੀਕਾ ’ਚ ਪ੍ਰਵੇਸ਼ ਉਪਰ ਰੋਕ ਲਾਈ ਹੈ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਨੇ ਵੀ ਸ਼ਰਨਾਰਥੀਆਂ ਦੇ ਅਮਰੀਕਾ ’ਚ ਦਾਖਲ ਹੋਣ ਦੇ ਰਾਹ ਵਿਚ ਅੜਿੱਕੇ ਖੜੇ੍ਹ ਕੀਤੇ ਹਨ। ਇਸ ਸਮੇਂ ਸ਼ਰਨਾਰਥੀ ਮੁੜ ਵਸੇਬਾ ਸੰਸਥਾਵਾਂ ਨੂੰ ਹਜ਼ਾਰਾਂ ਅਫਗਾਨ ਸ਼ਰਨਾਰਥੀਆਂ ਦੇ ਰਹਿਣ ਦੇ ਪ੍ਰਬੰਧ ਕਰਨ ’ਚ ਮੁਸ਼ਕਿਲਾਂ ਆ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਸ਼ਰਨਾਰਥੀ ਤੈਅਸ਼ੁੱਦਾ ਮੁੜ-ਵਸੇਬਾ ਪ੍ਰੋਗਰਾਮ ਤਹਿਤ ਅਮਰੀਕਾ ’ਚ ਦਾਖਲ ਨਹੀਂ ਹੋਏ। ਇਸ ਲਈ ਬਾਇਡਨ ਪ੍ਰਸ਼ਾਸਨ ਇਨ੍ਹਾਂ ਨੂੰ ਸ਼ਰਨਾਰਥੀਆਂ ਵਜੋਂ ਸਵਿਕਾਰ ਕਰਨ ਲਈ ਤਿਆਰ ਨਹੀਂ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਅਯੋਗ ਸ਼ਰਨਾਰਥੀਆਂ ਲਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ ਤੇ ਇਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ।

Share