ਅਮਰੀਕਾ ’ਚ 2020 ਦੌਰਾਨ ਕਤਲਾਂ ਦੀ ਗਿਣਤੀ ’ਚ ਹੋਇਆ ਭਾਰੀ ਵਾਧਾ

417
Share

-ਐੱਫ.ਬੀ.ਆਈ. ਵੱਲੋਂ ਜਾਰੀ ਸਾਲਾਨਾ ਰਿਪੋਰਟ ’ਚ ਖੁਲਾਸਾ
ਸੈਕਰਾਮੈਂਟੋ, 28 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐੱਫ.ਬੀ.ਆਈ. ਦੁਆਰਾ ਜਾਰੀ ਸਲਾਨਾ ਅਪਰਾਧ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਅਮਰੀਕਾ ’ਚ 2019 ਦੀ ਤੁਲਨਾ ਵਿਚ 2020 ਦੌਰਾਨ ਕਤਲਾਂ ਵਿਚ 30% ਵਾਧਾ ਦਰਜ ਹੋਇਆ ਹੈ, ਜੋ ਇਕ ਰਿਕਾਰਡ ਹੈ। 1960 ’ਚ ਜਦੋਂ ਐੱਫ.ਬੀ.ਆਈ. ਨੇ ਅਪਰਾਧਾਂ ਦਾ ਹਿਸਾਬ-ਕਿਤਾਬ ਰਖਣਾ ਸ਼ੁਰੂ ਕੀਤਾ ਸੀ, ਤੋਂ ਬਾਅਦ ਕਿਸੇ ਇਕ ਸਾਲ ਦੌਰਾਨ ਕਤਲਾਂ ਵਿਚ ਹੋਇਆ ਇਹ ਵਾਧਾ ਸਭ ਤੋਂ ਵਧ ਹੈੈ। ਰਿਪੋਰਟ ਅਨੁਸਾਰ 2019 ਤੇ 2020 ਵਿਚ ਹਿੰਸਕ ਅਪਰਾਧ 5% ਵਧੇ ਹਨ, ਜਦਕਿ ਸਮੁੱਚੇ ਤੌਰ ’ਤੇ ਅਪਰਾਧਾਂ ਵਿਚ 6% ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕਾ ’ਚ 21,500 ਤੋਂ ਵਧ ਕਤਲ ਹੋਏ। ਇਕ ਲੱਖ ਵਿਅਕਤੀਆਂ ਪਿੱਛੇ ਕਤਲਾਂ ਦੀ ਦਰ 6.5% ਰਹੀ, ਹਾਲਾਂਕਿ ਇਹ ਦਰ 1980 ਤੇ 1990 ਦੇ ਦਹਾਕੇ ਤੋਂ ਤਕਰੀਬਨ 40% ਘੱਟ ਹੈ, ਜਦੋਂ ਅਮਰੀਕਾ ਵਿਚ ਕਤਲ ਸਿਖਰ ’ਤੇ ਪੁੱਜ ਗਏ ਸਨ। ਰਿਪੋਰਟ ਅਨੁਸਾਰ ਪਿਛਲੇ ਸਾਲ ਗਰਮੀਆਂ ਦੌਰਾਨ ਕਤਲਾਂ ਵਿਚ ਭਾਰੀ ਵਾਧਾ ਹੋਇਆ ਤੇ ਜੂਨ ਤੇ ਜੁਲਾਈ ਵਿਚ ਕਤਲਾਂ ਦੀ ਗਿਣਤੀ ਉੱਚ ਪੱਧਰ ਉਪਰ ਪੁੱਜ ਗਈ ਸੀ। ਇਥੇ ਜ਼ਿਕਰਯੋਗ ਹੈ ਕਿ ਲਾਅ ਇਨਫੋਰਸਮੈਂਟ ਏਜੰਸੀਆਂ ਤੋਂ ਅੰਕੜੇ ਇਕੱਠੇ ਕਰਕੇ ਐੱਫ.ਬੀ.ਆਈ. ਸਾਲਾਨਾ ਰਿਪੋਰਟ ਜਾਰੀ ਕਰਦੀ ਹੈ ਪ੍ਰੰਤੂ ਏਜੰਸੀਆਂ ਅੰਕੜੇ ਦੇਣ ਵਾਸਤੇ ਪਾਬੰਦ ਨਹੀਂ ਹਨ। ਬਹੁਤ ਸਾਰੀਆਂ ਏਜੰਸੀਆਂ ਨੇ ਅਪਰਾਧਾਂ ਸਬੰਧੀ ਅੰਕੜੇ ਨਹੀਂ ਦਿੱਤੇ ਹਨ। 2020 ’ਚ ਕੁੱਲ 18000 ਤੋਂ ਵਧ ਏਜੰਸੀਆਂ ਵਿਚੋਂ 15875 ਏਜੰਸੀਆਂ ਨੇ ਹੀ ਅੰਕੜੇ ਦਿੱਤੇ ਸਨ। ਐੱਫ.ਬੀ.ਆਈ. ਨੂੰ ਨਿਊਯਾਰਕ, ਸ਼ਿਕਾਗੋ ਤੇ ਨਿਊ ਓਰਲੀਨਜ਼ ਸਮੇਤ ਅਨੇਕਾਂ ਵੱਡੇ ਸ਼ਹਿਰਾਂ ’ਚ ਹੋਏ ਅਪਰਾਧਾਂ ਦੇ ਅੰਕੜੇ ਨਹੀਂ ਮਿਲੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਅਸਲ ਵਿਚ ਕਤਲਾਂ ਦੀ ਗਿਣਤੀ ਕਿਤੇ ਵਧ ਹੋ ਸਕਦੀ ਹੈ। ਐੱਫ.ਬੀ.ਆਈ. ਨੇ 2020 ਸਾਲ ਖਤਮ ਹੋਣ ਦੇ 9 ਮਹੀਨਿਆਂ ਬਾਅਦ ਰਿਪੋਰਟ ਜਾਰੀ ਕੀਤੀ ਹੈ, ਜਦਕਿ 2020 ਦੀ ਮੁੱਢਲੀ ਰਿਪੋਰਟ ਵਿਚ ਐੱਫ.ਬੀ.ਆਈ. ਨੇ ਕਤਲਾਂ ਵਿਚ 25% ਵਾਧਾ ਹੋਣ ਦੀ ਗੱਲ ਕਹੀ ਸੀ। ਰਿਪੋਰਟ ’ਚ ਦੇਰੀ ਹੋਣ ਦਾ ਕਾਰਨ ਵੀ ਅੰਕੜਿਆਂ ਦਾ ਨਾ ਮਿਲਣਾ ਹੈ।

Share