ਅਮਰੀਕਾ ’ਚ 2 ਦਿਨਾਂ ’ਚ ਵਾਪਰਿਆ ਦੂਜਾ ਵੱਡਾ ਰੇਲ ਹਾਦਸਾ, 3 ਮੌਤਾਂ ਤੇ ਅਨੇਕਾਂ ਜ਼ਖਮੀ

47
ਮੌਕੇ ਉਪਰ ਪੁੱਜੇ ਅਧਿਕਾਰੀ ਰੇਲ ਹਾਦਸੇ ਦੀ ਜਾਂਚ ਕਰਦੇ ਹੋਏ।
Share

-ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਯਾਤਰੀ ਰੇਲ ਗੱਡੀ ਟਰੱਕ ਨਾਲ ਟਕਰਾ ਕੇ ਪੱਟੜੀ ਤੋਂ ਲੱਥੀ
ਸੈਕਰਾਮੈਂਟੋ, 28 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਐਮਟਰੈਕ ਯਾਤਰੀ ਰੇਲ ਗੱਡੀ ਮਿਸੌਰੀ ਦੇ ਦਿਹਾਤੀ ਖੇਤਰ ਵਿਚ ਪੱਟੜੀ ਉਪਰ ਖੜ੍ਹੇ ਇਕ ਟਰੱਕ ਨਾਲ ਟਕਰਾ ਕੇ ਰੇਲ ਪੱਟੜੀ ਤੋਂ ਲੱਥ ਗਈ, ਜਿਸ ਦੇ ਸਿੱਟੇ ਵਜੋਂ ਘੱਟੋ-ਘੱਟ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਅਨੇਕਾਂ ਹੋਰ ਜ਼ਖਮੀ ਹੋ ਗਏ। ਦੋ ਦਿਨਾਂ ਵਿਚ ਅਮਰੀਕਾ ਵਿਚ ਵਾਪਰਿਆ ਇਹ ਵੱਡਾ ਦੂਜਾ ਰੇਲ ਹਾਦਸਾ ਹੈ। ਇਕ ਦਿਨ ਪਹਿਲਾਂ ਬਰੈਂਟਵੁੱਡ, ਕੈਲੀਫੋਰਨੀਆ ’ਚ ਯਾਤਰੀ ਰੇਲ ਗੱਡੀ ਇਕ ਕਾਰ ਨੂੰ 60 ਫੁੱਟ ਤੱਕ ਘਸੀਟ ਕੇ ਲੈ ਗਈ ਸੀ, ਜਿਸ ਵਿਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਸੀ, 3 ਹੋਰ ਜ਼ਖਮੀ ਹੋ ਗਏ ਸਨ। ਹਾਲਾਂਕਿ ਗੱਡੀ ਵਿਚ ਸਵਾਰ 80 ਯਾਤਰੀ ਵਾਲ-ਵਾਲ ਬਚ ਗਏ ਸਨ। ਤਾਜ਼ਾ ਵਾਪਰੇ ਰੇਲ ਹਾਦਸੇ ਬਾਰੇ ਮਿਸੌਰੀ ਸਟੇਟ ਹਾਈ ਵੇਅ ਪੈਟਰੋਲ ਦੇ ਲੋਕ ਸੰਪਰਕ ਅਧਿਕਾਰੀ ਜਸਟਿਨ ਜੂਨ ਨੇ ਦੱਸਿਆ ਕਿ ਰੇਲ ਗੱਡੀ ਦੇ 8 ਵਿਚੋਂ 7 ਡੱਬੇ ਪੱਟੜੀ ਤੋਂ ਉਤਰ ਗਏ। ਉਨ੍ਹਾਂ ਕਿਹਾ ਕਿ ਮਾਰੇ ਗਏ 2 ਲੋਕ ਗੱਡੀ ’ਚ ਸਵਾਰ ਸਨ, ਜਦਕਿ ਇਕ ਵਿਅਕਤੀ ਟਰੱਕ ਵਿਚ ਸੀ। ਹਾਦਸਾ ਮੈਨਡਨ, ਮਿਸੌਰੀ ਵਿਖੇ ਵਾਪਰਿਆ। ਹਾਲਾਂਕਿ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਅਸਲ ਗਿਣਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਪਰੰਤੂ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਮਿਸੌਰੀ ਸਟੇਟ ਹਾਈਵੇਅ ਗਸ਼ਤੀ ਟੀਮ ਦੇ ਇਕ ਹੋਰ ਅਧਿਕਾਰੀ ਏਰਿਕ ਬਰਾਊਨ ਅਨੁਸਾਰ ਜ਼ਖਮੀਆਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰੰਤੂ ਹਸਪਤਾਲਾਂ ਦੀ ਰਿਪੋਟਰ ਅਨਸਾਰ 40 ਤੋਂ ਵਧ ਜ਼ਖਮੀ ਇਲਾਜ ਅਧੀਨ ਹਨ। ਬਰਾਊਨ ਨੇ ਕਿਹਾ ਹੈ ਕਿ ਇਹ ਹਾਦਸਾ ਬਿਨਾਂ ਲਾਈਟਾਂ ਵਾਲੀ ਬਜਰੀ ਨਾਲ ਬਣੀ ਸੜਕ ਉਪਰ ਵਾਪਰਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਹੈ ਕਿ ਹਾਦਸੇ ਦੀ 14 ਮੈਂਬਰੀ ਟੀਮ ਜਾਂਚ ਕਰ ਰਹੀ ਹੈ। ਬੋਰਡ ਦੀ ਚੇਅਰਵੋਮੈਨ ਜੈਨੀਫਰ ਹੋਮੈਂਡੀ ਨੇ ਕਿਹਾ ਹੈ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਟਰੱਕ ਰੇਲ ਪੱਟੜੀ ਉਪਰ ਕਿਉਂ ਖੜ੍ਹਾ ਸੀ। ਉਸ ਵਿਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ ਜਾਂ ਕੋਈ ਹੋਰ ਕਾਰਨ ਸੀ। ਇਸ ਬਾਰੇ ਜਾਂਚ ਉਪਰੰਤ ਹੀ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਰੇਲ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਅਜੇ ਉਸ ਦਾ ਪੱਟੜੀ ਉਪਰ ਪਰਤਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਕੇ ਉਪਰੋਂ ਸਬੂਤ ਇਕੱਠੇ ਕਰ ਲਏ ਗਏ ਹਨ ਤੇ ਹਾਦਸੇ ਦੀ ਜਾਂਚ ਉਪਰੰਤ ਛੇਤੀ ਹੀ ਕੋਈ ਸਿੱਟਾ ਕੱਢ ਲਿਆ ਜਾਵੇਗਾ। ਜ਼ਖਮੀਆਂ ਨੂੰ ਹਸਪਤਾਲਾਂ ’ਚ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਮਦਦ ਲਈ ਗਈ, ਜਿਨ੍ਹਾਂ ਵਿਚ ਹਰ ਤਰ੍ਹਾਂ ਦੀ ਮੁੱਢਲੀ ਸਹਾਇਤਾ ਤੇ ਹੋਰ ਡਾਕਟਰੀ ਮਦਦ ਮੌਜੂਦ ਹੈ।
ਕੈਪਸ਼ਨ¿;
ਮੌਕੇ ਉਪਰ ਪੁੱਜੇ ਅਧਿਕਾਰੀ ਰੇਲ ਹਾਦਸੇ ਦੀ ਜਾਂਚ ਕਰਦੇ ਹੋਏ।

Share