‘ਅਮਰੀਕਾ ‘ਚ ਹੋਰ ਖਰਾਬ ਹੋ ਸਕਦੇ ਨੇ ਹਾਲਾਤ’

753
Share

ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਡਾ. ਐਂਥਨੀ ਫਾਓਚੀ ਨੇ ਆਖਿਆ ਹੈ ਕਿ ਅਮਰੀਕਾ ਵਿਚ ਹੁਣ ਵੀ ਕੋਰੋਨਾਵਾਇਰਸ ਮਹਾਮਾਰੀ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਿਆ ਹੈ। ਅਮਰੀਕੀ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਫਾਓਚੀ ਨੇ ਆਖਿਆ ਕਿ ਅਮਰੀਕਾ ਆਉਣ ਵਾਲੇ ਸਮੇਂ ਵਿਚ ਹੋਰ ਜ਼ਿਆਦਾ ਮੁਸੀਬਤ ਵਿਚ ਘਿਰਣ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਅਤੇ ਮਾਸਕ ਪਾਉਣਾ ਸ਼ੁਰੂ ਨਹੀਂ ਕੀਤਾ ਤਾਂ ਅਮਰੀਕਾ ਵਿਚ ਹਾਲਾਤ ਹੋਰ ਖਰਾਬ ਹੋ ਜਾਣਗੇ। ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਹਰ ਰੋਜ਼ ਕਰੀਬ 40 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਫਾਓਚੀ ਨੇ ਅੱਗੇ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਸਾਵਧਾਨੀ ਨਹੀਂ ਵਰਤੀ ਗਈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿਚ ਅਮਰੀਕਾ ਵਿਚ ਹਰ ਰੋਜ਼ ਇਕ ਲੱਖ ਤੋਂ ਜ਼ਿਆਦਾ ਮਾਮਲੇ ਆਉਣਗੇ। ਡਾ. ਫਾਓਚੀ ਟਰੰਪ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਨੂੰ ਲੈ ਕੇ ਬਣਾਈ ਗਈ ਟਾਸਕ ਫੋਰਸ ਦੇ ਮੁੱਖ ਅਧਿਕਾਰੀਆਂ ਵਿਚੋਂ ਇਕ ਹਨ। ਦੱਸ ਦਈਏ ਕਿ ਫਾਓਚੀ ਪਹਿਲਾਂ ਵੀ ਕੋਰੋਨਾ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਬਿਆਨ ਦੇ ਚੁੱਕੇ ਹਨ। ਉਥੇ ਹੀ ਪੂਰੇ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 2,727,853 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,143,334 ਮਰੀਜ਼ ਰੀ-ਕਵਰ ਹੋ ਚੁੱਕੇ ਹਨ। ਦੂਜੇ ਪਾਸੇ ਅਮਰੀਕਾ ਹੁਣ ਤੱਕ ਕੁੱਲ 34,198,027 ਕੋਰੋਨਾ ਟੈਸਟ ਕਰ ਚੁੱਕਿਆ ਹੈ।


Share