ਅਮਰੀਕਾ ’ਚ ਹੁਣ 12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ,

87
Share

ਐੱਫ.ਡੀ.ਏ. ਨੇ ਦਿੱਤੀ ਮਨਜ਼ੂਰੀ
ਵਾਸ਼ਿੰਗਟਨ, 11 ਮਈ (ਪੰਜਾਬ ਮੇਲ)- ਅਮਰੀਕਾ ’ਚ ਹੁਣ ਬੱਚਿਆਂ ਨੂੰ ਵੀ ਕੋਰੋਨਾ ਦੀ ਵੈਕਸੀਨ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ (ਐੱਫ.ਡੀ.ਏ.) ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ (Pfizer-BioNTech Covid-19 Vaccine) ਨੂੰ 12 ਤੋਂ 15 ਸਾਲ ਦੇ ਬੱਚਿਆਂ ’ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਭਾਰਤ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਸਰੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮਾਹਿਰਾਂ ਦੀ ਮੰਨੀਏ ਤਾਂ ਭਾਰਤ ’ਚ ਕੋਰੋਨਾ ਦੀ ਤੀਸਰੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਅਜਿਹੇ ’ਚ ਐੱਫ.ਡੀ.ਏ. ਵੱਲੋਂ ਉਠਾਇਆ ਗਿਆ ਕਦਮ ਕਾਫੀ ਅਹਿਮ ਹੈ।
ਅਮਰੀਕਾ ਨੇ ਕੋਰੋਨਾਵਾਇਰਸ ਖਿਲਾਫ ਜਾਰੀ ਜੰਗ ’ਚ ਇਸ ਨੂੰ ਇਕ ਮਹੱਤਵਪੂਰਨ ਫ਼ੈਸਲਾ ਦੱਸਦੇ ਹੋਏ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ। ਐੱਫ.ਡੀ.ਏ. ਦੇ ਤਾਇਨਾਤ ਕਮਿਸ਼ਨਰ ਡਾਕਟਰ ਜੈਨੇਟ ਵੁੱਡਕਾਕ ਨੇ ਕਿਹਾ, ‘ਵੈਕਸੀਨ ਦੇ ਇਸਤੇਮਾਲ ਸਬੰਧੀ ਲਿਆ ਗਿਆ ਇਹ ਫ਼ੈਸਲਾ ਸਾਨੂੰ ਆਮ ਸਥਿਤੀ ’ਚ ਵਾਪਸੀ ਨੇੜੇ ਲਿਆਵੇਗਾ। ਮਾਤਾ-ਪਿਤਾ ਤੇ ਮਾਪੇ ਇਸ ਗੱਲ ਲਈ ਆਸਵੰਦ ਹੋ ਸਕਦੇ ਹਨ ਕਿ ਏਜੰਸੀ ਨੇ ਸਾਰੇ ਉਪਲਬਧ ਡਾਟਾ ਦੀ ਡੂੰਘੀ ਸਮੀਖਿਆ ਕੀਤੀ ਹੈ।’ ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ ਦਾ ਇਸਤੇਮਾਲ ਇਸ ਵੇਲੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਬਾਲਗਾਂ ’ਤੇ ਹੋ ਰਿਹਾ ਹੈ। ਉੱਥੇ ਹੀ ਅਮਰੀਕਾ ’ਚ ਇਸ ਨੂੰ 16 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਲਈ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਹ ਪਾਇਆ ਗਿਆ ਹੈ ਕਿ ਇਹ ਵੈਕਸੀਨ ਛੋਟੇ ਬੱਚਿਆਂ ਲਈ ਵੀ ਠੀਕ ਹੈ। ਅਸਲ ਵਿਚ, ਬਜ਼ੁਰਗਾਂ ਤੇ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ ਹੁਣ ਸਾਰੇ ਬੱਚਿਆਂ ਲਈ ਚਿੰਤਤ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਹੁਣ ਬੱਚਿਆਂ ਨੂੰ ਵੀ ਆਪਣੀ ਗਿ੍ਰਫਤ ਵਿਚ ਲੈ ਸਕਦਾ ਹੈ। ਅਜਿਹੇ ਵਿਚ ਫਾਈਜ਼ਰ ਨੇ ਮਾਰਚ ਵਿਚ ਅੰਕੜੇ ਜਾਰੀ ਕਰ ਕੇ ਦੱਸਿਆ ਸੀ ਕਿ 12-15 ਸਾਲ ਦੇ 2,260 ਵਾਲੰਟੀਅਰਜ਼ ਨੂੰ ਵੈਕਸੀਨ ਦਿੱਤੀ ਗਈ। ਟੈਸਟ ਦੇ ਡਾਟਾ ਵਿਚ ਪਾਇਆ ਗਿਆ ਕਿ ਪੂਰੇ ਵੈਕਸੀਨੇਸ਼ਨ ਤੋਂ ਬਾਅਦ ਇਨ੍ਹਾਂ ਬੱਚਿਆਂ ’ਚ ਕੋਰੋਨਾ ਇਨਫੈਕਸ਼ਨ ਦਾ ਕੋਈ ਕੇਸ ਨਹੀਂ ਮਿਲਿਆ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬੱਚਿਆਂ ’ਤੇ ਉਨ੍ਹਾਂ ਦੀ ਵੈਕਸੀਨ 100 ਫ਼ੀਸਦੀ ਅਸਰਦਾਰ ਹੈ।

Share