ਅਮਰੀਕਾ ’ਚ ਹਵਾਈ ਅੱਡਿਆਂ ’ਤੇ ਲਾਗੂ ਹੋਵੇਗਾ ਈਬੋਲਾ ਵਾਇਰਸ ਲਈ ਨਿਗਰਾਨੀ ਪ੍ਰੋਗਰਾਮ

437
Share

ਫਰਿਜ਼ਨੋ, 28 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਸੰਸਥਾ ਨੇ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਦੇਸ਼ ਵਿਚ ਜਲਦੀ ਹੀ ਈਬੋਲਾ ਵਾਇਰਸ ਨਾਲ ਪ੍ਰਭਾਵਿਤ ਦੋ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਸੰਬੰਧੀ ਸੀ.ਡੀ.ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਹਫ਼ਤੇ ਤੋਂ, ਗਿੰਨੀ ਅਤੇ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਤੋਂ ਆਉਣ ਵਾਲੇ ਯਾਤਰੀਆਂ ਨੂੰ 6 ਅਮਰੀਕੀ ਹਵਾਈ ਅੱਡਿਆਂ ’ਤੇ ਵੇਖਿਆ ਜਾਵੇਗਾ। ਜਿਥੇ ਉਨ੍ਹਾਂ ਦੀ ਜਾਣਕਾਰੀ ਇਕੱਠੀ ਕਰਨ ਦੇ ਨਾਲ ਸਥਾਨਕ ਸਿਹਤ ਅਧਿਕਾਰੀਆਂ ਨਾਲ ਸਾਂਝੀ ਵੀ ਕੀਤੀ ਜਾਵੇਗੀ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਅਨੁਸਾਰ 25 ਫਰਵਰੀ ਤੱਕ ਗਿੰਨੀ ’ਚ ਈਬੋਲਾ ਦੇ 9 ਕੇਸ ਸਾਹਮਣੇ ਆਏ ਹਨ, ਜਿਸ ਦੇ ਨਤੀਜੇ ਵਜੋਂ ਪੰਜ ਮੌਤਾਂ ਹੋਈਆਂ ਹਨ ਅਤੇ ਇਸਦੇ ਅੱਠ ਮਾਮਲੇ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ’ਚ ਵੀ ਸਾਹਮਣੇ ਆਏ ਹਨ, ਜਿੱਥੇ ਕਿ ਚਾਰ ਮੌਤਾਂ ਹੋਈਆਂ ਹਨ। ਸੀ.ਡੀ.ਸੀ. ਅਨੁਸਾਰ ਏਅਰ ਲਾਈਨਜ਼ ਪਿਛਲੇ 21 ਦਿਨਾਂ ਦੇ ਅੰਦਰ ਕਾਂਗੋ ਜਾਂ ਗਿੰਨੀ ਵਿਚੋਂ ਸਵਾਰ ਸਾਰੇ ਯਾਤਰੀਆਂ ਦੀ ਜਾਣਕਾਰੀ ਇਕੱਠੀ ਕਰਕੇ ਸੀ.ਡੀ ਸੀ. ਨੂੰ ਦੇਣਗੀਆਂ ਅਤੇ ਇਸਦੇ ਨਾਲ ਹੀ ਇਹ ਜਾਣਕਾਰੀ ਅਮਰੀਕਾ ਦੇ ਰਾਜਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਪ੍ਰਕਿਰਿਆ ਦੇ ਅਧੀਨ ਨਿਊਯਾਰਕ ਵਿਚ ਜੌਨ ਐੱਫ. ਕੈਨੇਡੀ, ਵਾਸ਼ਿੰਗਟਨ ਡੀ.ਸੀ. ਤੋਂ ਬਾਹਰ ਡੂਲੇਸ, ਸ਼ਿਕਾਗੋ ’ਚ ਓਹਾਰੇ, ਐਟਲਾਂਟਾ ਵਿਚ ਹਾਰਟਸਫੀਲਡ-ਜੈਕਸਨ, ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਨਿਊਯਾਰਕ ਤੋਂ ਬਾਹਰ ਨੇਵਾਰਕ ਲਿਬਰਟੀ ਆਦਿ ਨੂੰ ਇਸ ਵਾਇਰਸ ਦੀ ਨਿਗਰਾਨੀ ਲਈ ਕੇਂਦਰ ਬਿੰਦੂ ਮੰਨਿਆ ਜਾ ਰਿਹਾ ਹੈ।

Share