ਅਮਰੀਕਾ ’ਚ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਚੋਣਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਬੰਦ

462
Share

 ਵਾਸ਼ਿੰਗਟਨ, 23 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿੱਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਨਾਲ ਸਬੰਧ 8 ਮਾਮਲਿਆਂ ਦੀ ਸੁਣਵਾਈ ਬੰਦ ਕਰ ਦਿੱਤੀ। ਤਿੰਨ ਨਵੰਬਰ ਦੀਆਂ ਚੋਣਾਂ ਨਾਲ ਸਬੰਧਤ ਇਹ ਪਟੀਸ਼ਨਾਂ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਵੱਲੋਂ ਦਾਇਰ ਕੀਤੀਆਂ ਗਈਆਂ ਸਨ। ਇਨ੍ਹਾਂ ਪਟੀਸ਼ਨਾਂ ਵਿੱਚ ਕਈ ਸੂਬਿਆਂ ’ਚ ਹੋਈ ਵੋਟਿੰਗ ’ਤੇ ਸਵਾਲ ਚੁੱਕੇ ਗਏ ਸਨ ਅਤੇ ਉਨ੍ਹਾਂ ਵਿੱਚ ਗੜਬੜੀ ਹੋਣ ਦਾ ਦੋਸ਼ ਲਾਇਆ ਗਿਆ ਸੀ। ਉੱਧਰ ਸੁਪਰੀਮ ਕੋਰਟ ਨੇ ਪੋਰਨ ਸਟਾਰ ਸਟਾਰਮੀ ਡੇਨੀਅਲਸ ਦੀ ਉਹ ਅਪੀਲ ਵੀ ਖਾਰਜ ਕਰ ਦਿੱਤੀ, ਜਿਸ ਵਿੱਚ ਉਸ ਨੇ ਆਪਣੇ ਮਾਣਹਾਨੀ ਦੇ ਮਾਮਲੇ ਮੁੜ ਸੁਰਜੀਤ ਕਰ ਸੁਣਵਾਈ ਦੀ ਮੰਗ ਕੀਤੀ ਸੀ। ਸਟਾਰਮੀ ਨੇ 2018 ਵਿੱਚ ਡੋਨਾਲਡ ਟਰੰਪ ਵਿਰੁੱਧ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਸੀ।

ਪੋਰਨ ਸਟਾਰ ਨੇ ਜਿਸ ਸਮੇਂ ਇਹ ਪਟੀਸ਼ਨ ਦਾਖ਼ਲ ਕੀਤੀ ਸੀ, ਉਸ ਸਮੇਂ ਟਰੰਪ ਰਾਸ਼ਟਰਪਤੀ ਸਨ। ਕੋਰਟ ਨੇ ਉਸ ਵੇਲੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਤਿੰਨ ਲੱਖ ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਸਟਾਰਮੀ ਦਾ ਅਸਲੀ ਨਾਮ ਸਟੇਫ਼ਨੀ ਕਿਲਫੋਰਡ ਹੈ। ਉਸ ਦਾ ਦਾਅਵਾ ਹੈ ਕਿ 2006 ਵਿੱਚ ਉਸ ਦੇ ਟਰੰਪ ਨਾਲ ਨਜਾਇਜ਼ ਸਬੰਧ ਸਨ। ਉਸ ਦਾ ਕਹਿਣਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਸ ਮਾਮਲੇ ਵਿੱਚ ਚੁੱਪ ਰਹਿਣ ਦਾ ਸਮਝੌਤਾ ਕਰਨ ਦੇ ਇਵਜ ਵਿੱਚ ਟਰੰਪ ਨੇ ਉਸ ਨੂੰ 1 ਲੱਖ 30 ਹਜ਼ਾਰ ਡਾਲਰ ਦਿੱਤੇ ਸਨ।


Share