ਅਮਰੀਕਾ ’ਚ ਸਰਹੱਦੀ ਸਹੂਲਤਾਂ ’ਚ ਪ੍ਰਵਾਸੀ ਬੱਚਿਆਂ ਦੀ ਪ੍ਰਕਿਰਿਆ ’ਚ ਸਹਾਇਤਾ ਲਈ ਫੇਮਾ ਦੀ ਤਾਇਨਾਤੀ

389
Share

ਫਰਿਜ਼ਨੋ, 15 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਨੂੰ ਅਮਰੀਕਾ ਦੀ ਸਰਹੱਦੀ ਹਿਰਾਸਤ ’ਚ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀ ਬੱਚਿਆਂ ਦੀ ਵੱਧ ਰਹੀ ਸੰਖਿਆ ਕਰਕੇ ਸਰਹੱਦੀ ਸ਼ੈਲਟਰਾਂ ’ਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਬੰਧੀ ਹੋਮਲੈਂਡ ਸਿਕਿਓਰਿਟੀ ਸੈਕਟਰੀ ਅਲੇਜੈਂਡਰੋ ਮੇਯੋਰਕਾਸ ਅਨੁਸਾਰ ਫੇਮਾ ਅਗਲੇ 90 ਦਿਨਾਂ ਲਈ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਤੋਂ ਬਗੈਰ ਦੱਖਣੀ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀ ਨਾਬਾਲਗਾਂ ਨੂੰ ਪਨਾਹ ਦੇਣ ਲਈ ਅਮਰੀਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਮਦਦ ਕਰੇਗੀ। ਅਧਿਕਾਰੀਆਂ ਅਨੁਸਾਰ ਤਕਰੀਬਨ 9,500 ਇਕੱਲੇ ਬੱਚੇ, ਜਿਨ੍ਹਾਂ ਵਿਚੋਂ ਬਹੁਤੇ ਕੇਂਦਰੀ ਅਮਰੀਕਾ ਨਾਲ ਸੰਬੰਧਿਤ ਹਨ, ਨੂੰ ਫਰਵਰੀ ਵਿਚ ਅਮਰੀਕਾ ਦੀ ਸਰਹੱਦੀ ਹਿਰਾਸਤ ਵਿਚ ਦਾਖਲ ਕੀਤਾ ਗਿਆ ਅਤੇ ਇਨ੍ਹਾਂ ਵਿਚੋਂ 7,000 ਤੋਂ ਵੱਧ ਬੱਚਿਆਂ ਨੂੰ ਦੇਸ਼ ਦੀ ਸ਼ਰਨਾਰਥੀ ਏਜੰਸੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਕਿ ਆਪਣੇ ਸ਼ੈਲਟਰਾਂ ਵਿਚ ਬਿਸਤਰਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਦੀ ਸ਼ਰਨਾਰਥੀ ਏਜੰਸੀ ਸ਼ੈਲਟਰਾਂ ਵਿਚ ਬਿਸਤਰੇ ਦੀ ਘਾਟ ਨੇ ਬਾਰਡਰ ਪੈਟਰੋਲਿੰਗ ਸਹੂਲਤਾਂ ’ਚ ਬੱਚਿਆਂ ਦੀ ਭੀੜ ਪੈਦਾ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਇਸ ਹਫਤੇ ਬਾਰਡਰ ਪੈਟਰੋਲਿੰਗ ਹਿਰਾਸਤ ਵਿਚ ਰੱਖੇ ਗਏ ਬੱਚਿਆਂ ਦੀ ਔਸਤਨ ਗਿਣਤੀ 3,000 ਤੋਂ ਵੱਧ ਹੈ। ਫੇਮਾ ਅਨੁਸਾਰ ਏਜੰਸੀ ਹੁਣ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ, ਜੋ ਸ਼ਰਨਾਰਥੀ ਏਜੰਸੀ ਦੀ ਨਿਗਰਾਨੀ ਕਰਦੀ ਹੈ, ਨਾਲ ਮਿਲ ਕੇ ਕੰਮ ਕਰ ਰਹੀ ਹੈ।ਇਸਦੇ ਇਲਾਵਾ ਫੇਮਾ ਦੀ ਤਾਇਨਾਤੀ ਤੋਂ ਇਲਾਵਾ, ਮੇਯੋਰਕਸ ਨੇ ਕਿਹਾ ਕਿ ਫੈਡਰਲ ਪ੍ਰੋਟੈਕਟਿਵ ਸਰਵਿਸ ਅਤੇ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਸਮੇਤ ਹੋਮਲੈਂਡ ਸਿਕਿਓਰਿਟੀ ਏਜੰਸੀਆਂ ਦੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਪਨਾਹ ਕਾਰਜਾਂ ਅਤੇ ਸੁਰੱਖਿਆ ਲਈ ਸਹਾਇਤਾ ਪ੍ਰਦਾਨ ਕਰ ਰਹੇ ਹਨ।

Share