ਅਮਰੀਕਾ ’ਚ ਸਰਦੀਆਂ ਦੇ ਬਰਫੀਲੇ ਤੂਫਾਨ ਨੇ ਜਨਜੀਵਨ ਕੀਤਾ ਪ੍ਰਭਾਵਿਤ; ਉਡਾਣਾਂ ਮੁਅੱਤਲ

407
Share

ਫਰਿਜ਼ਨੋ, 3 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਸਰਦੀਆਂ ਦਾ ਬਰਫੀਲਾ ਤੂਫਾਨ ਲਗਭਗ 70 ਮਿਲੀਅਨ ਅਮਰੀਕੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਭਾਰੀ ਬਰਫਬਾਰੀ ਨਾਲ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਨਿਊਯਾਰਕ , ਫਿਲਾਡੇਲਫਿਆ, ਬੋਸਟਨ ਸਮੇਤ ਕਈ ਹੋਰਾਂ ਵਿਚ ਰੋਜ਼ਮਰਾ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਇਸ ਬਰਫੀਲੇ ਤੂਫਾਨ ਨੇ ਦੋ ਦਿਨਾਂ ਦੌਰਾਨ ਸਭ ਤੋਂ ਜ਼ਿਆਦਾ ਬਰਫਬਾਰੀ ਕਰਨ ਤੋਂ ਬਾਅਦ ਪੂਰਬ ਵੱਲ ਮਾਰਚ ਕੀਤਾ ਹੈ। ਅਮਰੀਕੀ ਸ਼ਹਿਰ ਸ਼ਿਕਾਗੋ ਵਿਚ ਪਿਛਲੇ ਦਿਨਾਂ ਦੌਰਾਨ ਕ੍ਰਮਵਾਰ 10 ਅਤੇ 13 ਇੰਚ ਬਰਫਬਾਰੀ ਹੋਈ ਹੈ। ਇਸਦੇ ਇਲਾਵਾ ਐਲੇਨਟਾ, ਪੈਨਸਿਲਵੇਨੀਆ ਵਿਚ ਐਤਵਾਰ ਨੂੰ 10 ਇੰਚ ਤੱਕ ਬਰਫ ਪੈਣ ਦੇ ਨਾਲ ਕੇਂਦਰੀ ਅਤੇ ਉੱਤਰੀ ਨਿਊਜਰਸੀ ਵਿਚ ਸੋਮਵਾਰ ਦੁਪਹਿਰ ਤੱਕ 19 ਇੰਚ ਤੱਕ ਬਰਫਬਾਰੀ ਦਰਜ ਕੀਤੀ ਗਈ। ਵਾਸ਼ਿੰਗਟਨ ਡੀ.ਸੀ., ਵਿਚ ਵੀ 2.6 ਇੰਚ ਤੋਂ ਜ਼ਿਆਦਾ ਬਰਫ ਡਿੱਗਣ ਦਾ ਸਮਾਚਾਰ ਹੈ। ਇਸ ਬਰਫਬਾਰੀ ਕਾਰਨ ਦੇਸ਼ ਵਿਚ ਰੋਜ਼ਮਰਾ ਦੀ ਜ਼ਿੰਦਗੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ, ਇਸਦੇ ਤਹਿਤ ਲਾਗਾਰਡੀਆ ਏਅਰਪੋਰਟ ਨੇ ਤੂਫਾਨ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਇਸਦੇ ਇਲਾਵਾ ਕੋਰੋਨਾ ਟੀਕਾਕਰਨ ਕੇਂਦਰਾਂ ’ਤੇ ਵੀ ਬਰਫਬਾਰੀ ਦਾ ਪ੍ਰਭਾਵ ਪਿਆ ਹੈ। ਇਸ ਤੂਫਾਨ ਕਾਰਨ ਵਾਸ਼ਿੰਗਟਨ ਡੀ.ਸੀ., ਫਿਲਾਡੇਲਫਿਆ, ਨਿਊਯਾਰਕ, ਨਿਊਜਰਸੀ, ਰ੍ਹੋਡ ਆਈਲੈਂਡ ਅਤੇ ਮੈਸੇਚਿਉਸੇਟਸ ਆਦਿ ਸ਼ਹਿਰਾਂ ਵਿਚ ਸੁਰੱਖਿਆ ਕਾਰਨਾਂ ਕਰਕੇ ਟੀਕਾਕਰਨ ਕੇਂਦਰ ਬੰਦ ਕੀਤੇ ਗਏ। ਇਸ ਬਰਫੀਲੇ ਤੂਫਾਨ ਦੇ ਚੱਲਦਿਆਂ ਮੌਸਮ ਵਿਗਿਆਨੀਆਂ ਦੁਆਰਾ ਵਾਸ਼ਿੰਗਟਨ ਡੀ.ਸੀ., ਫਿਲਾਡੇਲਫਿਆ, ਨਿਊਯਾਰਕ ਸਿਟੀ ਦੇ ਮੈਨਹਟਨ ਅਤੇ ਬੋਸਟਨ ’ਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।

Share