ਅਮਰੀਕਾ ’ਚ ਸਮੁੰਦਰੀ ਤੂਫਾਨ ਨੇ ਫਲੋਰਿਡਾ ਨੂੰ ਝੰਬਿਆ

49
Share

* ਹਜ਼ਾਰਾਂ ਲੋਕ ਹੋਏ ਘਰੋਂ ਬੇਘਰ, ਬਿਜਲੀ ਸਪਲਾਈ ਠੱਪ
ਸੈਕਰਾਮੈਂਟੋ, 30 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਇਤਿਹਾਸ ਵਿਚ ਖਤਰਨਾਕ ਸਮੁੰਦਰੀ ਤੂਫਾਨਾਂ ਵਿਚੋਂ ਇਕ ਤੂਫਾਨ ਨੇ ਫਲੋਰਿਡਾ ਖੇਤਰ ਨੂੰ ਬੁਰੀ ਤਰ੍ਹਾਂ ਝੰਬ ਸੁੱਟਿਆ ਹੈ। ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਜਨਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਖੇਤਰ ਵਿਚਲੇ ਹਜ਼ਾਰਾਂ ਲੋਕ ਆਪਣਾ ਘਰ ਬਾਹਰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਪਨਾਹ ਲੈਣ ਲਈ ਮਜਬੂਰ ਹੋਏ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਤੂਫਾਨ ਦੇ ਕਾਰੋਲੀਨਾ ਤੇ ਜਾਰਜੀਆ ਵੱਲ ਵਧਣ ਦੀ ਸੰਭਾਵਨਾ ਹੈ। ਇਸ ਖੇਤਰ ’ਚ 75 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।
ਨੈਸ਼ਨਲ ਹੁਰੀਕੇਨ ਸੈਂਟਰ ਅਨੁਸਾਰ ਖਤਰਨਾਕ ਹੜ੍ਹ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਲੋਰਿਡਾ ਦੇ ਗਵਰਨਰ ਰੌਨ ਡੇਸਨਟਿਸ ਨੇ ਕਿਹਾ ਹੈ ਕਿ ਕੋਸਟ ਗਾਰਡ ਹੈਲੀਕਾਪਟਰ ਤੂਫਾਨ ’ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ। ਹੜ੍ਹ ਦੇ ਪਾਣੀ ਤੋਂ ਬਚਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਹੈ ਕਿ ਤੂਫਾਨ ਦਾ ਅਸਰ ਬਹੁਤ ਵੱਡੀ ਪੱਧਰ ਉਪਰ ਹੋਇਆ ਹੈ, ਜਿਸ ਕਾਰਨ ਨੁਕਸਾਨ ਵੀ ਬਹੁਤ ਵੱਡੀ ਪੱਧਰ ’ਤੇ ਹੋਇਆ ਹੈ। ਗਵਰਨਰ ਅਨੁਸਾਰ ਇਸ ਤਰ੍ਹਾਂ ਦਾ ਭਿਆਨਕ ਤੂਫਾਨ ਤੇ ਹੜ੍ਹ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ। ਹੁਣ ਤੱਕ ਤੂਫਾਨ ਤੇ ਹੜ੍ਹ ਕਾਰਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲੋਰਿਡਾ ’ਚ 19 ਲੱਖ ਤੋਂ ਵਧ ਘਰ ਤੇ ਕਾਰੋਬਾਰੀ ਅਦਾਰਿਆਂ ਨੂੰ ਬਿਜਲੀ ਦੀ ਸਪਲਾਈ ਠੱਪ ਪਈ ਹੈ।

Share