ਅਮਰੀਕਾ ‘ਚ ਵੈਸਟ ਪੁਆਇੰਟ ਮਿਲਟਰੀ ਅਕੈਡਮੀ ਤੋਂ ਪਹਿਲੀ ਸਿੱਖ ਲੜਕੀ ਹੋਈ ਗ੍ਰੈਜੂਏਟ

855
Share

ਨਿਉਯਾਰਕ, 17 ਜੂਨ (ਰਾਜ ਗੋਗਨਾ/ ਪੰਜਾਬ ਮੇਲ)- ਇਤਿਹਾਸ ਗਵਾਹ ਹੈ ਕਿ ਅਨਮੋਲ ਕੌਰ ਨਾਰੰਗ ਵੈਸਟ ਪੁਆਇੰਟ ਵਿਖੇ ਸੰਯੁਕਤ ਰਾਜ ਦੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਪੰਜਾਬਣ ਸਿੱਖ ਲੜਕੀ ਹੈ। ਲੈਫਟੀਨੈਂਟ ਅਨਮੋਲ ਕੌਰ ਨਾਰੰਗ ਨੂੰ ਅਮਰੀਕੀ ਸੈਨਾ ਦੇ ਏਅਰ ਡਿਫੈਂਸ ਤੋਪਖਾਨੇ ਵਿਚ ਲਗਾਇਆ ਗਿਆ ਹੈ।
ਅਨਮੋਲ ਕੌਰ ਦੀ ਪ੍ਰਾਪਤੀ ਲਈ ਟਵਿੱਟਰ ਬੇਤਹਾਸ਼ਾ ਵਧਾਈ ਦੀਆ ਪੋਸਟਾਂ ਨਾਲ ਭਰ ਗਿਆ ਹੈ। ਕਹਿਣ ਦਾ ਭਾਵ ਹੈ ਕਿ ਸਿੱਖ ਹੋਣ ਦੇ ਨਾਤੇ ਇੰਨਾ ਜਜ਼ਬਾ ਹੈ ਕਿ ਅਨਮੋਲ ਕੌਰ ਨੇ ਆਪਣਾ ਕੈਰੀਅਰ ਵਿਦੇਸ਼ ਵਿਚ ਆ ਕੇ ਉਹ ਹੀ ਚੁਣਿਆ ਹੈ, ਜੋ ਕੋਮ ਪ੍ਰਤੀ ਜਜ਼ਬਾ, ਅਣਖ ਤੇ ਦ੍ਰਿੜ੍ਹਤਾ ਵਾਲਾ ਹੈ। ਜਿੱਥੇ ਇਸ ਦੀ ਫ਼ੌਜ ਵਿਚ ਐਂਟਰੀ ਦੂਜੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਬਣੇਗੀ, ਉਥੇ ਇਸ ਨੇ ਔਰਤਾਂ ਲਈ ਫੌਜ ਵਿਚ ਰਾਹ ਖੋਲ੍ਹ ਦਿੱਤਾ ਹੈ। ਇਸ ਪ੍ਰਾਪਤੀ ਲਈ ਅਨਮੋਲ ਕੌਰ ਨਾਰੰਗ ਤੇ ਉਸ ਦੇ ਪਰਿਵਾਰ ਨੂੰ ਵਿਦੇਸ਼ਾਂ ‘ਚ ਵੱਸਦਾ ਭਾਈਚਾਰਾ ਵਧਾਈ ਦਿੰਦਾ ਹੈ। ਆਸ ਹੈ ਕਿ ਉਹ ਫ਼ੌਜ ਵਿਚ ਕੀਰਤੀਮਾਨ ਸਥਾਪਤ ਕਰੇਗੀ। ਸਿੱਖ ਵਿਸ਼ਵ ਭਰ ‘ਚ ਆਪਣੀਆਂ ਪ੍ਰਾਪਤੀਆਂ ਕਰਕੇ ਹਮੇਸ਼ਾ ਭਾਈਚਾਰੇ ਨੂੰ ਮਾਣ ਦਿਵਾਉਂਦੇ ਰਹੇ ਹਨ। ਇਸ ਹਫਤੇ ਦੇ ਸ਼ੁਰੂ ਵਿਚ ਵੀ ਕੈਲੀਫੋਰਨੀਆ ‘ਚ 23 ਸਾਲਾ ਜੁਝਾਰ ਸਿੰਘ ਨੇ ਇਤਿਹਾਸ ਸਿਰਜਿਆ ਸੀ ਕਿਉਂਕਿ ਉਹ ਕੈਲੀਫੋਰਨੀਆ ‘ਚ ਹੇਵਰਡ ਪੁਲਿਸ ਵਿਭਾਗ ਵਿਚ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਬਣ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਜੁਝਾਰ ਸਿੰਘ ਅਲਾਮੇਡਾ ਦੀ ਕਾਉਂਟੀ ਵਿਚ ਪਹਿਲਾ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਬਣਿਆ ਹੈ। ਸਿੱਖ ਅਜਿਹੇ ਮਾਅਰਕਾ ਮਾਰਨ ਦੇ ਧਾਰਨੀ ਹਨ, ਜੋ ਕੌਮ ਲਈ ਫ਼ਖ਼ਰ ਅਤੇ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ, ਜਿਸ ਤੋਂ ਦੂਸਰੇ ਲੋਕ ਸੇਧ ਲੈ ਸਕਣਗੇ।


Share