ਅਮਰੀਕਾ ‘ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਏ ਵੱਡੇ ਇਕੱਠਾਂ ਕਾਰਨ ਵਧਣ ਲੱਗੇ ਕੋਰੋਨਾ ਦੇ ਮਰੀਜ਼

593
Share

ਸਾਨ ਫਰਾਂਸਿਸਕੋ, 14 ਜੂਨ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਨੇ ਅਮਰੀਕਾ ‘ਤੇ ਬਹੁਤ ਵੱਡੀ ਸੱਟ ਮਾਰੀ ਹੈ ਅਤੇ ਇਸੇ ਦੌਰਾਨ ਹੀ ਅਫਰੀਕਨ-ਅਮਰੀਕਨ ਵਿਅਕਤੀ ਜਾਰਜ ਫਲਾਇਡ ਦੇ ਇਕ ਪੁਲਿਸ ਅਧਿਕਾਰੀ ਚੌਵਿਨ ਹੱਥੋਂ ਹੋਏ ਕਤਲ ਉਪਰੰਤ ਰਾਸ਼ਟਰੀ ਪੱਧਰ ‘ਤੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ‘ਚ ਵੱਡੀ ਗਿਣਤੀ ‘ਚ ਇਕੱਤਰ ਹੋਏ ਲੋਕਾਂ ਕਾਰਨ ਕੋਰੋਨਾਵਾਇਰਸ ਦੇ ਫੈਲਣ ਦਾ ਜਿਹੜਾ ਡਰ ਬਣਿਆ ਹੋਇਆ ਸੀ, ਉਸ ਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਅਮਰੀਕਾ ‘ਚ 25 ਹਜ਼ਾਰ ਤੋਂ ਉੱਪਰ ਕੇਸ ਇਕ ਦਿਨ ਵਿਚ ਹੀ ਆ ਗਏ ਹਨ। ਇਕੱਲੇ ਕੈਲੀਫੋਰਨੀਆ ‘ਚ 15 ਮਈ ਤੋਂ ਬਾਅਦ ਲੰਘਿਆ ਦਿਨ ਸਭ ਤੋਂ ਵੱਧ ਪੀੜਤਾਂ ਦਾ ਮੰਨਿਆ ਜਾਵੇਗਾ, ਜਿਸ ਦੌਰਾਨ ਸੀ.ਡੀ.ਸੀ. ਦੀ ਹੀ ਰਿਪੋਰਟ ਮੁਤਾਬਿਕ ਲਗਪਗ 3300 ਤੋਂ ਵੱਧ ਕੇਸ ਇਕ ਦਿਨ ਵਿਚ ਹੀ ਆ ਗਏ। ਜੇਕਰ ਇਸੇ ਦਰ ਨਾਲ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਵਧਦੀ ਰਹੀ ਤਾਂ ਇਸ ਗੱਲ ਦੀ ਸ਼ੰਕਾ ਪੈਦਾ ਹੁੰਦੀ ਜਾ ਰਹੀ ਹੈ ਕਿ ਅਮਰੀਕਾ ਵਿਚ ਵੀ ਮੁੜ ਤੋਂ ਮੁਕੰਮਲ ਤਾਲਾਬੰਦੀ ਹੋ ਸਕਦੀ ਹੈ। ਕੈਲੀਫੋਰਨੀਆ ਇਸ ਵੇਲੇ ਅਮਰੀਕਾ ‘ਚ ਇਸ ਦੁਖਾਂਤ ‘ਚ ਤੀਜੇ ਨੰਬਰ ‘ਤੇ ਆ ਖੜ੍ਹਾ ਹੋਇਆ ਹੈ। ਕੈਲੀਫੋਰਨੀਆ ਸੈਂਟਰਸ ਫਾਰ ਡਿਸੀਜ਼ ਕੰਟਰੋਲ (ਸੀ.ਡੀ.ਸੀ.) ਨੇ ਚਿੰਤਾ ਜ਼ਾਹਿਰ ਕਰਦਿਆਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਐਂਟਨੀ ਐੱਸ ਫੌਸੀ ਜੋ ਅਮਰੀਕਾ ਦੇ ਸਭ ਤੋਂ ਵੱਡੇ ਸੰਕਰਮਿਤ ਬਿਮਾਰੀ ਮਾਹਿਰ (ਇੰਫੈਕਸ਼ੀਅਸ ਡਿਜ਼ੀਸ ਐਕਸਪਰਟ) ਹਨ, ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਂਮਾਰੀ ਦੇ ਚਲਦਿਆਂ ਲੋਕਾਂ ਲਈ ਵੱਡੇ ਸਮੂਹਾਂ ‘ਚ ਇਕੱਠੇ ਹੋਣਾ ਇਕ ਜੋਖ਼ਮ ਭਰਪੂਰ ਵਰਤਾਰਾ ਹੈ। ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਨੇ ਸ਼ੁੱਕਰਵਾਰ ਨੂੰ ਨਵੇਂ ਕੋਰੋਨਾ ਵਾਇਰਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਿਸ ‘ਚ ਵਿਰੋਧ ਪ੍ਰਦਰਸ਼ਨਾਂ, ਰੈਲੀਆਂ ਜਾਂ ਸਮਾਗਮਾਂ ‘ਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।


Share