ਅਮਰੀਕਾ ’ਚ ਵਾਰੰਟਾਂ ਦੀ ਤਾਮੀਲ ਕਰਵਾਉਣ ਗਏ ਪੁਲਿਸ ਅਫਸਰਾਂ ’ਤੇ ਚਲਾਈ ਗੋਲੀ, 2 ਦੀ ਮੌਤ 6 ਜ਼ਖਮੀ

35
Share

ਸੈਕਰਾਮੈਂਟੋ, 2 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੈਂਟੁਕੀ ਰਾਜ ’ਚ ਅਦਾਲਤ ਵੱਲੋਂ ਜਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਗਏ ਪੁਲਿਸ ਅਧਿਕਾਰੀਆਂ ’ਤੇ ਸ਼ੱਕੀ ਦੋਸ਼ੀ ਨੇ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਸਿੱਟੇ ਵਜੋਂ 2 ਪੁਲਿਸ ਅਫਸਰਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਇਹ ਘਟਨਾ ਪੂਰਬੀ ਕੈਂਟੁਕੀ ’ਚ ਵਾਪਰੀ, ਜਿਸ ਵਿਚ ਇਕ ਸੂਹੀਆ ਕੁੱਤਾ ਵੀ ਮਾਰਿਆ ਗਿਆ। ਜਖਮੀਆਂ ਵਿਚ 5 ਪੁਲਿਸ ਅਫਸਰ ਤੇ ਐਮਰਜੈਂਸੀ ਮੈਨਜਮੈਂਟ ਦਾ ਇਕ ਡਾਇਰੈਕਟਰ ਸ਼ਾਮਿਲ ਹਨ। ਅਲੈਨ ਵਾਸੀ ਸ਼ੱਕੀ ਦੋਸ਼ੀ 49 ਸਾਲਾ ਲਾਂਸ ਸਟੋਰਜ਼ ਵਿਰੁੱਧ ਕਤਲ ਕਰਨ, ਕਤਲ ਦੀ ਕੋਸ਼ਿਸ਼ ਕਰਨ ਤੇ ਸਰਵਿਸ ਐਨੀਮਲ ਉਪਰ ਫਸਟ ਡਿਗਰੀ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ। ਦੋਸ਼ੀ ਨੂੰ ਮੌਕੇ ਉਪਰ ਕਾਬੂ ਕਰ ਲਿਆ ਗਿਆ ਤੇ ਉਸ ਨੂੰ ਫਲਾਇਡ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇਕ ਕਰੋੜ ਡਾਲਰ ਦੇ ਬਾਂਡ ਉਪਰ ਹਿਰਾਸਤ ’ਚ ਰੱਖਣ ਦਾ ਆਦੇਸ਼ ਦਿੱਤਾ ਹੈ। ਫਲਾਇਡ ਕਾਊਂਟੀ ਦੇ ਸ਼ੈਰਿਫ ਜੌਹਨ ਹੰਟ ਨੇ ਕਿਹਾ ਹੈ ਕਿ ਵਾਰੰਟਾਂ ਦੀ ਤਾਮੀਲ ਕਰਵਾਉਣ ਗਏ ਪੁਲਿਸ ਅਫਸਰਾਂ ਨੂੰ ਆਪਣੇ ਬਚਾਅ ਦਾ ਕੋਈ ਮੌਕਾ ਨਹੀਂ ਮਿਲਿਆ ਤੇ ਸ਼ੱਕੀ ਦੋਸ਼ੀ ਨੇ ਉਨਾਂ ਉਪਰ ਬਿਨਾਂ ਕੋਈ ਦੇਰ ਕੀਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਹ ਵਾਰੰਟ ਘਰੇਲੂ ਝਗੜੇ ਨਾਲ ਸਬੰਧਤ ਸਨ। ਕੈਂਟੁਕੀ ਸਟੇਟ ਪੁਲਿਸ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਘਟਨਾ ਦੀ ਕਿ੍ਰਟੀਕਲ ਇੰਸੀਡੈਂਟ ਰਿਸਪਾਂਸ ਟੀਮ ਜਾਂਚ ਕਰ ਰਹੀ ਹੈ।

Share