-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਅਮਰੀਕਾ ਦੇ ਕੋਲੋਰਾਡੋ ਸੂਬੇ ਦੇ ਸ਼ਹਿਰ ਬੋਲਡਰ ਦੀ ਇਕ ਸੁਪਰਮਾਰਕਿਟ ਵਿਚ ਹੋਈ ਗੋਲੀਬਾਰੀ ਦੌਰਾਨ ਇਕ ਪੁਲਿਸ ਅਧਿਕਾਰੀ ਸਮੇਤ 10 ਲੋਕਾਂ ਦੇ ਮਾਰੇ ਜਾਣ ਦੀ ਦੁੱਖਦਾਈ ਘਟਨਾ ਹੋਈ ਹੈ। ਇਸ ਘਟਨਾ ਨੇ ਅਮਰੀਕਾ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਵੇਂ ਕਿ ਸੂਤਰਾਂ ਅਨੁਸਾਰ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਫਿਰ ਵੀ ਉਥੇ ਸਥਿਤੀ ਤਨਾਅ ਵਾਲੀ ਬਣੀ ਹੋਈ ਹੈ। ਇਸ ਤੋਂ ਇਲਾਵਾ ਪਿਛਲੇ ਦਿਨਾਂ ਦੌਰਾਨ ਕੁੱਝ ਹੋਰ ਵੀ ਘਟਨਾਵਾਂ ਹੋਈਆਂ ਹਨ, ਜਿਸ ਦੌਰਾਨ ਕੁੱਝ ਲੋਕ ਮਾਰੇ ਗਏ ਸਨ। ਵੱਖ-ਵੱਖ ਥਾਂਵਾਂ ’ਤੇ ਵਾਪਰੀਆਂ ਇਹ ਘਟਨਾਵਾਂ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹਨ। ਇਨ੍ਹਾਂ ਵਿਚੋਂ ਬਹੁਤੀਆਂ ਘਟਨਾਵਾਂ ਨਸਲੀ ਹਿੰਸਾ ਨਾਲ ਵੀ ਸਬੰਧਤ ਹਨ।¿;
ਕੈਲੀਫੋਰਨੀਆ ਸੂਬੇ ’ਚ ਏਸ਼ੀਅਨ ਲੋਕਾਂ ਨਾਲ ਹੁੰਦੀਆਂ ਨਫਰਤੀ ਘਟਨਾਵਾਂ ’ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸਟਾਪ ਏ.ਪੀ.ਆਈ. ਹੇਟ ਰਿਪੋਰਟਿੰਗ ਸੈਂਟਰ ਨੂੰ ਕੈਲੀਫੋਰਨੀਆ ’ਚ ਮਾਰਚ 2020 ਅਤੇ ਇਸ ਸਾਲ ਫਰਵਰੀ ਦੇ ਵਿਚਕਾਰ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ 1,691 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਜਦਕਿ ਦੇਸ਼ ਭਰ ’ਚ 19 ਮਾਰਚ, 2020 ਤੋਂ ਇਸ ਸਾਲ 28 ਫਰਵਰੀ ਤੱਕ, ਏਸ਼ੀਆ-ਵਿਰੋਧੀ ਨਸਲਵਾਦ ਦੀਆਂ 3,795 ਘਟਨਾਵਾਂ ਕੇਂਦਰ ’ਚ ਰਿਪੋਰਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਜ਼ੁਬਾਨੀ ਸ਼ੋਸ਼ਣ ਤੋਂ ਲੈ ਕੇ ਸਰੀਰਕ ਸ਼ੋਸ਼ਣ ਤੱਕ ਅਤੇ ਏਸ਼ੀਅਨ ਹੋਣ ਕਾਰਨ ਸੇਵਾਵਾਂ ਤੋਂ ਇਨਕਾਰ ਕਰਨ ਸੰਬੰਧੀ ਰਿਪੋਰਟਾਂ ਦਰਜ ਹਨ। ਇਨ੍ਹਾਂ ਵਿਚੋਂ ਲਗਭਗ 44.56% ਰਿਪੋਰਟਾਂ ਕੈਲੀਫੋਰਨੀਆ ਨਾਲ ਸੰਬੰਧਿਤ ਸਨ। ਇਹ ਅੰਕੜੇ ਪਿਛਲੇ ਸਾਲ ਮਾਰਚ ਅਤੇ ਜੁਲਾਈ ਦਰਮਿਆਨ ਕੈਲੀਫੋਰਨੀਆ ’ਚ ਵਾਪਰੀਆਂ 1,116 ਘਟਨਾਵਾਂ ਵਿਚ ਵਾਧਾ ਦਰਸਾਉਂਦੇ ਹਨ। ਕੇਂਦਰ ਨੂੰ 2021 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ 503 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਏਸ਼ੀਅਨ ਲੋਕਾਂ ਨਾਲ ਵਿਤਕਰੇ ਸੰਬੰਧੀ ਇਹ ਨਵਾਂ ਅਧਿਐਨ ਹਾਲ ਦੇ ਮਹੀਨਿਆਂ ਵਿਚ, ਖ਼ਾਸਕਰ ਬੇ-ਏਰੀਆ ਵਿਚ, ਏਸ਼ੀਆ-ਵਿਰੋਧੀ ਵਿਤਕਰੇ ਅਤੇ ਹਿੰਸਾ ਵਿਚ ਵਾਧੇ ਤੋਂ ਬਾਅਦ ਆਇਆ ਹੈ। ਪਿਛਲੇ ਮਹੀਨੇ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰਾਂ ਨੇ ਸਟਾਪ ਏ.ਪੀ.ਆਈ. ਹੇਟ ਸੈਂਟਰ ਦੀ ਸਹਾਇਤਾ ਕਰਨ ਅਤੇ ਏਸ਼ੀਆਈ ਵਿਰੋਧੀ ਵਿਤਕਰੇ ਦੀਆਂ ਹੋਰ ਘਟਨਾਵਾਂ ਦਾ ਪਤਾ ਲਗਾਉਣ ਲਈ ਸਹਾਇਤਾ ਵਜੋਂ 1.4 ਮਿਲੀਅਨ ਡਾਲਰ ਅਲਾਟ ਕੀਤੇ ਹਨ।
ਅਮਰੀਕਾ ਦੇ ਅਟਲਾਂਟਾ ਸ਼ਹਿਰ ’ਚ ਵੀ 3 ਮਸਾਜ ਪਾਰਲਰਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਸਨ, ਜਿਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲੀਆਂ ਸਾਰੀਆਂ ਏਸ਼ੀਆਈ ਮੂਲ ਦੀਆਂ ਬੀਬੀਆਂ ਸਨ। ਇਸ ਘਟਨਾ ਤੋਂ ਬਾਅਦ 21 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਅਮਰੀਕਾ ’ਚ ਪਿਛਲੇ ਦਿਨਾਂ ਦੌਰਾਨ ਹੋਈਆਂ ਚੋਣਾਂ ਤੋਂ ਬਾਅਦ ਸਥਿਤੀ ਤਨਾਅਪੂਰਨ ਰਹੀ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਸਹੁੰ ਚੁੱਕਣੀ ਸੀ, ਉਸ ਤੋਂ ਦੋ ਹਫਤੇ ਪਹਿਲਾਂ ਹੀ 6 ਜਨਵਰੀ ਨੂੰ ਕੈਪੀਟਲ ਹਿਲ ’ਤੇ ਹਜ਼ੂਮ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਜਿਸ ਦੌਰਾਨ ਪੰਜ ਲੋਕ ਮਾਰੇ ਗਏ ਸਨ। ਉਸ ਤੋਂ ਬਾਅਦ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੈਪੀਟਲ ਹਿੱਲ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਪਰ ਅੱਜ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਘਟਨਾਵਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਹਰ ਦਿਨ ਕੋਈ ਨਾ ਕੋਈ ਕਤਲੋਗਾਰਤ ਦੀ ਘਟਨਾ ਸੁਣਨ ਨੂੰ ਮਿਲ ਰਹੀ ਹੈ। ਇਸ ਪਿੱਛੇ ਕਿਸੇ ਦੀ ਕੀ ਮਨਸ਼ਾ ਹੈ, ਉਹ ਹਾਲੇ ਤੱਕ ਜ਼ਾਹਿਰ ਨਹੀਂ ਹੋ ਸਕਿਆ।
ਪਿਛਲੇ ਦਿਨਾਂ ਦੌਰਾਨ ਚੀਨੀ ਮੂਲ ਦੇ ਲੋਕਾਂ ’ਤੇ ਵੀ ਨਸਲੀ ਹਮਲੇ ਹੋਏ ਹਨ, ਜਿਸ ਦੌਰਾਨ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ। ਯੂ.ਐੱਨ.ਓ. ਵਿਚ ਚੀਨ ਨੇ ਅਮਰੀਕਾ ’ਤੇ ਭੇਦਭਾਵ ਅਤੇ ਨਫਰਤ ਫੈਲਾਉਣ ਦੇ ਦੋਸ਼ ਲਗਾਏ ਹਨ। ਇਸ ਤੋਂ ਪਹਿਲਾਂ ਵੀ ਅਮਰੀਕਾ ਅਤੇ ਚੀਨ ਵਿਚਕਾਰ ਅਲਾਸਕਾ ’ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਵੀ ਚੀਨ ਨੇ ਆਪਣਾ ਰੋਸ ਜ਼ਾਹਿਰ ਕੀਤਾ ਸੀ। ਅਮਰੀਕੀ ਰਾਜਦੂਤ ਥਾਮਸ ਗਰੀਨਫੀਲਡ ਨੇ ਕਿਹਾ ਸੀ ਕਿ ਗੁਲਾਮੀ ਦੁਨੀਆਂ ਦੇ ਹਰ ਕੋਨੇ ਵਿਚ ਮੌਜੂਦ ਹੈ, ਇਸੇ ਤਰ੍ਹਾਂ ਨਸਲਵਾਦ ਵੀ ਇਕ ਚੁਣੌਤੀ ਹੈ।¿;
ਅਮਰੀਕਾ ਵਿਚ ਸੁਰੱਖਿਆ ਅਧਿਕਾਰੀਆਂ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਅਧਿਕਾਰਤ ਨਿਵਾਸ ਦੇ ਬਾਹਰ ਹਥਿਆਰਬੰਦ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਸੀ। ਵਾਸ਼ਿੰਗਟਨ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਉਸ ਖਿਲਾਫ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਦਿਨਾਂ ’ਚ ਵਾਪਰੀਆਂ ਘਟਨਾਵਾਂ, ਖਾਸਕਰ ਏਸ਼ੀਅਨ ਲੋਕਾਂ ਉੱਤੇ ਹੋਏ ਹਮਲਿਆਂ ਦੀ ਸ਼ਖਤ ਸ਼ਬਦਾਂ ’ਚ ਨਿੰਦਾ ਕੀਤਾ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜੋਅ ਬਾਇਡਨ ਨੇ ਗੋਲੀਬਾਰੀ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਵ੍ਹਾਈਟ ਹਾਊਸ ਵਿਚ ਬੋਲਦਿਆਂ ਉਨ੍ਹਾਂ ਆਖਿਆ ਕਿ ਗੰਨ ਕੱਲਚਰ ਨੂੰ ਕੰਟਰੋਲ ਕਰਨ ਲਈ ਸਖਤ ਹੁਕਮ ਜਾਰੀ ਕਰ ਰਿਹਾ ਹਾਂ। ਮੈਂ ਬੰਦੂਕਾਂ ਨਾਲ ਕੀਤੀ ਜਾਣ ਵਾਲੀ ਹਿੰਸਾ ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਦਮ ਚੁੱਕਣ ਨੂੰ ਤਿਆਰ ਹਾਂ। ਮੈਂ ਰਾਸ਼ਟਰਪਤੀ ਹੋਣ ਦੇ ਨਾਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਅਧਿਕਾਰ ਦੇ ਸਾਰੇ ਸਰੋਤਾਂ ਦੀ ਵਰਤੋਂ ਕਰਾਂਗਾ। ਦੱਸ ਦੇਈਏ ਕਿ ਬੀਤੇ ਹਫਤੇ ਐਟਲਾਂਟਾ ਵਿਚ ਹੋਈ ਗੋਲੀਬਾਰੀ ਦੌਰਾਨ ਵੀ 8 ਲੋਕਾਂ ਦੀ ਮੌਤ ਹੋ ਗਈ ਸੀ। ਬਾਇਡਨ ਨੇ ਅੱਗੇ ਆਖਿਆ ਕਿ ਉਹ ਅਸਾਲਟ ਸਟਾਈਲ ਹਥਿਆਰਾਂ ਅਤੇ ਹਾਈ-ਕੈਪੇਸਿਟੀ ਮੈਗਜ਼ਿਨਾਂ ’ਤੇ ਬੈਨ ਲਾਉਣ ਜਾ ਰਹੇ ਹਨ। ਅਜਿਹਾ ਮੈਂ ਉਦੋਂ ਕੀਤਾ ਸੀ, ਜਦ ਮੈਂ ਸੈਨੇਟਰ ਸੀ, ਉਦੋਂ ਵੀ ਇਹ ਬਿੱਲ ਪਾਸ ਹੋਇਆ ਸੀ। ਅਸੀਂ ਦੁਬਾਰਾ ਇਹ ਬਿੱਲ ਪਾਸ ਕਰਾਵਾਂਗੇ ਅਤੇ ਇਸ ਵਿਚ ਪੈਦਾ ਹੋਈਆਂ ਕਮੀਆਂ ਨੂੰ ਦੂਰ ਕਰਾਂਗੇ। ਇਸ ਨਾਲ ਅਸੀਂ ਗਨ ਕਲਚਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਵਿਚ ਸਫਲ ਹੋਵਾਂਗੇ। ਬਾਇਡਨ ਨੇ ਗੋਲੀਬਾਰੀ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀ ਐਰਿਕ ਟੈਲੇ ਨੂੰ ਵੀ ਯਾਦ ਕੀਤਾ। ਉਨ੍ਹਾਂ ਸੈਨੇਟ ਨੂੰ ਉਹ ਦੋਵੇਂ ਬਿੱਲ ਜਲਦ ਤੋਂ ਜਲਦ ਪਾਸ ਕਰਨ ਨੂੰ ਕਿਹਾ, ਜਿਸ ਵਿਚ ਗਨ ਕਲਚਰ ਅਤੇ ਅਸਾਲਟ ਹਥਿਆਰਾਂ ’ਤੇ ਸ਼ਿਕੰਜਾ ਕੱਸਣ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਅਜਿਹੀਆਂ ਘਟਨਾਵਾਂ ਅਸਹਿਣਯੋਗ ਹਨ। ਇਨ੍ਹਾਂ ਨੂੰ ਰੋਕਣ ਲਈ ਹਰ ਢੰਗ ਤਰੀਕਾ ਵਰਤਿਆ ਜਾਣਾ ਚਾਹੀਦਾ ਹੈ।¿;
ਜ਼ਿਕਰਯੋਗ ਹੈ ਕਿ 3 ਨਵੰਬਰ 2020 ਨੂੰ ਹੋਈਆਂ ਚੋਣਾਂ ਤੋਂ ਬਾਅਦ ਅਮਰੀਕਾ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਰਾਸ਼ਟਰਪਤੀ ਦੇ ਹਾਰ ਜਾਣ ਤੋਂ ਬਾਅਦ ਵੀ ਉਸ ਨੇ ਆਪਣੀ ਹਾਰ ਕਬੂਲ ਨਹੀਂ ਕੀਤੀ ਅਤੇ ਅੰਤ ਸਮੇਂ ਤੱਕ ਉਸ ਵੱਲੋਂ ਚੋਣਾਂ ਵਿਚ ਹੇਰਾਫੇਰੀ ਦੇ ਦੋਸ਼ ਹੀ ਲੱਗਦੇ ਰਹੇ। ਜਿਸ ਕਰਕੇ ਅਮਰੀਕਾ ਵਿਚ ਤਨਾਅ ਵਾਲੀ ਸਥਿਤੀ ਲਗਾਤਾਰ ਵੱਧ ਰਹੀ ਹੈ।¿;
ਅਮਰੀਕਾ ’ਚ ਹਥਿਆਰ ਰੱਖਣ ਅਤੇ ਕਿਤੇ ਵੀ ਲਿਆਉਣ ਤੇ ਲਿਜਾਣ ਉੱਤੇ ਕੋਈ ਪਾਬੰਦੀ ਨਹੀਂ ਹੈ। ਇਥੇ ਹਰ ਤਰ੍ਹਾਂ ਦੇ ਹਥਿਆਰਾਂ ਦਾ ਲਾਇਸੰਸ ਆਸਾਨੀ ਨਾਲ ਹੀ ਮਿਲ ਜਾਂਦਾ ਹੈ। ਜੇਕਰ ਕਿਹਾ ਜਾਵੇ ਕਿ ਅਮਰੀਕਾ ਹਥਿਆਰਾਂ ਦਾ ਘਰ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਸਲ ਵਿਚ ਪੂਰੀ ਦੁਨੀਆਂ ’ਚ ਹਥਿਆਰ ਸਪਲਾਈ ਕਰਨ ’ਚ ਅਮਰੀਕਾ ਸਭ ਤੋਂ ਮੋਹਰੀ ਦੇਸ਼ ਹੈ। ਜਿਸ ਤਰ੍ਹਾਂ ਮਾਰਕੀਟ ਵਿਚੋਂ ਆਮ ਤਰੀਕੇ ਨਾਲ ਸਾਮਾਨ ਖਰੀਦਿਆ ਜਾਂਦਾ ਹੈ, ਇਥੇ ਹਥਿਆਰ ਖਰੀਦਣਾ ਵੀ ਓਨਾ ਹੀ ਆਸਾਨ ਹੈ। ਹਥਿਆਰਾਂ ਦਾ ਲਾਇਸੰਸ ਲੈਣਾ ਵੀ ਕੋਈ ਬਹੁਤਾ ਮੁਸ਼ਕਿਲ ਨਹੀਂ ਹੈ। ਕਿਹਾ ਜਾ ਸਕਦਾ ਹੈ ਕਿ ਇਥੇ ਹਥਿਆਰ ਰੱਖਣ ਦੀ ਹਰ ਇਕ ਨੂੰ ਖੁੱਲ੍ਹ ਹੈ। ਤਕਰੀਬਨ ਹਰ ਘਰ ਵਿਚ ਲੋਕਾਂ ਨੇ ਹਥਿਆਰ ਰੱਖੇ ਹੋਏ ਹਨ। ਇਹ ਬਿਰਤੀ ਕੋਈ ਬਹੁਤੀ ਚੰਗੀ ਨਹੀਂ ਹੈ। ਬਿਹਤਰ ਹੋਵੇਗਾ ਕਿ ਜੇ ਹਥਿਆਰਾਂ ਦੀ ਖੁੱਲ੍ਹੀ ਮਾਰਕਿਟ ਨੂੰ ਕੰਟਰੋਲ ਕੀਤਾ ਜਾਵੇ। ਹਥਿਆਰ ਪੂਰੀ ਪੜਤਾਲ ਅਤੇ ਯੋਗ ਪ੍ਰਕਿਰਿਆ ਤੋਂ ਬਾਅਦ ਹੀ ਜਾਰੀ ਕੀਤੇ ਜਾਣ। ਖਾਸ ਤੌਰ ’ਤੇ ਮਾਨਸਿਕ ਰੋਗੀ ਕਿਸਮ ਦੇ ਲੋਕਾਂ ਉਪਰ ਹਥਿਆਰ ਰੱਖਣ ਦੀ ਪੂਰੀ ਮਨਾਹੀ ਹੋਵੇ। ਇਥੇ ਸਮੇਂ-ਸਮੇਂ ’ਤੇ ਹਥਿਆਰਾਂ ਦੀ ਰੋਕਥਾਮ ਲਈ ਆਵਾਜ਼ਾਂ ਵੀ ਉੱਠੀਆਂ ਹਨ। ਕਈ ਵਾਰੀ ਕਈ ਸੰਸਥਾਵਾਂ ਵੱਲੋਂ ਹਥਿਆਰਾਂ ਖਿਲਾਫ ਸਾਂਝੇ ਤੌਰ ’ਤੇ ਪ੍ਰਦਰਸ਼ਨ ਵੀ ਕੀਤੇ ਗਏ ਹਨ। ਪਰ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਇਸ ਖਿਲਾਫ ਕੋਈ ਸਖ਼ਤ ਐਕਸ਼ਨ ਨਹੀਂ ਲਿਆ।¿;
ਅਮਰੀਕਾ ਵਰਗੇ ਵਿਸ਼ਾਲ ਮੁਲਕ ਨੂੰ ਦੁਬਾਰਾ ਲੀਹ ’ਤੇ ਲਿਆਉਣ ਲਈ ਕੋਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ, ਜਿਸ ਨਾਲ ਅਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ।