ਅਮਰੀਕਾ ’ਚ ਯੂਨਾਈਟਿਡ ਏਅਰਲਾਈਨ ਦੇ ਸਾਰੇ ਕਰਮਚਾਰੀਆਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ

408
Share

ਫਰਿਜ਼ਨੋ, 10 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਯੂਨਾਈਟਿਡ ਏਅਰਲਾਈਨਜ਼ ਦੁਆਰਾ ਆਪਣੇ ਸਾਰੇ ਅਮਰੀਕੀ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਲਗਵਾਉਣੀ ਜ਼ਰੂਰੀ ਕੀਤੀ ਜਾਵੇਗੀ। ਕੰਪਨੀ ਦੇ ਤਕਰੀਬਨ 67,000 ਯੂ.ਐੱਸ. ਕਰਮਚਾਰੀਆਂ ਨੂੰ ਇਸ ਸਾਲ ਅਕਤੂਬਰ ਦੇ ਅਖੀਰ ਤੱਕ ਕੋਵਿਡ-19 ਦੇ ਵਿਰੁੱਧ ਟੀਕਾ ਲਗਵਾਉਣ ਦੀ ਜ਼ਰੂਰਤ ਪਵੇਗੀ। ਇਸ ਜ਼ਰੂਰਤ ਨੂੰ ਲਾਗੂ ਕਰਨ ’ਤੇ ਯੂਨਾਈਟਿਡ ਏਅਰਲਾਈਨ, ਅਜਿਹਾ ਕਰਨ ਵਾਲੀ ਪਹਿਲੀ ਪ੍ਰਮੁੱਖ ਯੂ.ਐੱਸ. ਏਅਰਲਾਈਨ ਬਣ ਜਾਵੇਗੀ। ਸ਼ਿਕਾਗੋ ਆਧਾਰਿਤ ਇਹ ਏਅਰਲਾਈਨ ਦੇਸ਼ ਭਰ ਦੇ ਉਨ੍ਹਾਂ ਕਾਰੋਬਾਰਾਂ ਦੀ ਵਧ ਰਹੀ ਸੂਚੀ ਵਿਚ ਸ਼ਾਮਲ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਜ਼ਰੂਰੀ ਕੀਤੀ ਹੈ।
ਯੂਨਾਈਟਿਡ ਨੇ ਸ਼ੁੱਕਰਵਾਰ ਨੂੰ ਆਪਣੇ ਯੂ.ਐੱਸ. ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਕਿਸੇ ਵੀ ਟੀਕੇ ਨੂੰ ਪੂਰੀ ਤਰ੍ਹਾਂ ਪ੍ਰਵਾਨਗੀ ਦੇਣ ਤੋਂ ਬਾਅਦ ਸੰਭਵ ਤੌਰ ’ਤੇ 25 ਅਕਤੂਬਰ ਜਾਂ ਪੰਜ ਹਫਤਿਆਂ ਤੱਕ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਜ਼ਰੂਰਤ ਹੋਵੇਗੀ। ਫਿਲਹਾਲ ਐੱਫ.ਡੀ.ਏ. ਨੇ ਸਿਰਫ ਫਾਈਜ਼ਰ, ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ, ਪਰ ਰਿਪੋਰਟਾਂ ਅਨੁਸਾਰ ਏਜੰਸੀ ਵੱਲੋਂ ਫਾਈਜ਼ਰ ਨੂੰ ਛੇਤੀ ਹੀ ਪੂਰੀ ਪ੍ਰਵਾਨਗੀ ਦਿੱਤੇ ਜਾਣ ਦੀ ਉਮੀਦ ਹੈ।
ਇਸ ਲਈ ਏਅਰਲਾਈਨ ਦੇ ਹਰੇਕ ਕਰਮਚਾਰੀ ਨੂੰ ਆਪਣੇ ਟੀਕੇ ਦੇ ਕਾਰਡ ਦੀ ਇੱਕ ਤਸਵੀਰ ਕੰਪਨੀ ਨੂੰ ਭੇਜਣੀ ਹੋਵੇਗੀ ਅਤੇ ਜਿਹੜੇ ਕਰਮਚਾਰੀ ਸ਼ਾਟ ਨਾ ਲੱਗਣ ਦੇ ਧਾਰਮਿਕ ਜਾਂ ਸਿਹਤ ਕਾਰਨਾਂ ਦੇ ਦਸਤਾਵੇਜ਼ ਦਿੰਦੇ ਹਨ, ਉਹ ਟਰਮੀਨੇਟ ਹੋਣ ਤੋਂ ਬਚ ਸਕਣਗੇ। ਇਸਦੇ ਇਲਾਵਾ ਜਿਹੜੇ ਕਰਮਚਾਰੀ ਪਹਿਲਾਂ ਹੀ ਵੈਕਸੀਨ ਲਗਵਾ ਚੁੱਕੇ ਹਨ ਜਾਂ 20 ਸਤੰਬਰ ਤੱਕ ਅਜਿਹਾ ਕਰ ਚੁੱਕੇ ਹੋਣਗੇ, ਨੂੰ ਇੱਕ ਵਾਧੂ ਦਿਨ ਦੀ ਤਨਖਾਹ ਮਿਲੇਗੀ।

Share