ਅਮਰੀਕਾ ‘ਚ ਭਾਰਤੀ ਵਿਅਕਤੀ ਦਾ ਲੁੱਟ ਦੌਰਾਨ ਗੋਲੀ ਮਾਰ ਕੇ ਕਤਲ

14

ਵਾਸ਼ਿੰਗਟਨ, 23 ਜਨਵਰੀ (ਪੰਜਾਬ ਮੇਲ)- ਫਿਲਾਡੇਲਫੀਆ ‘ਚ ਹਥਿਆਰਬੰਦ ਲੁੱਟ ਦੌਰਾਨ ਭਾਰਤੀ ਮੂਲ ਦੇ 66 ਸਾਲਾ ਪੈਟਰੋਲ ਪੰਪ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ, ਪੁਲਿਸ ਇਸ ਮਾਮਲੇ ‘ਚ 3 ਦੋਸ਼ੀਆਂ ਦੀ ਭਾਲ ਕਰ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਫਿਲਾਡੇਲਫੀਆ ਪੁਲਿਸ ਨੇ ਐਤਵਾਰ ਨੂੰ ਇਕ ਨਿਗਰਾਨੀ ਵੀਡੀਓ ਜਾਰੀ ਕੀਤੀ, ਜਿਸ ‘ਚ ਪੈਟਰੋਲ ਪੰਪ ਕਰਮਚਾਰੀ ਪੈਟ੍ਰੋ ਸਿਬੋਰਾਮ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ 3 ਸ਼ੱਕੀਆਂ ਨੂੰ ਦਿਖਾਇਆ ਗਿਆ ਹੈ। ਪੁਲਿਸ ਨੂੰ ਇਨ੍ਹਾਂ ਦੀ ਭਾਲ ਹੈ। ਇਹ ਘਟਨਾ ਮੰਗਲਵਾਰ ਨੂੰ ਟੋਰੇਸਡੇਲ ਐਵੇਨਿਊ ਸਥਿਤ 7100 ਬਲਾਕ ਦੇ ਐਕਸਾਨ ‘ਚ ਹੋਈ, ਜੋ ਨੌਰਥਈਸਟ ਫਿਲਾਡੇਲਫੀਆ ਦੇ ਟੈਕੋਨੀ ‘ਚ ਇਕ ਪ੍ਰਮੁੱਖ ਵਪਾਰਕ ਸੜਕ ਹੈ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਵੀਡੀਓ ‘ਚ ਨਜ਼ਰ ਆਏ ਨਕਾਬਪੋਸ਼ ਲੋਕਾਂ ਨੂੰ ਕੋਈ ਉਨ੍ਹਾਂ ਦੇ ਕੱਪੜਿਆਂ ਤੋਂ ਪਛਾਣ ਕਰਕੇ ਉਨ੍ਹਾਂ ਬਾਰੇ ਜਾਣਕਾਰੀ ਦੇਵੇ। ਪੁਲਿਸ ਦੇ ਅਨੁਸਾਰ, ਨਕਾਬਪੋਸ਼ ਬਦਮਾਸ਼ ਪੈਟਰੋਲ ਪੰਪ ਦੇ ਪਿੱਛੇ ‘ਮਿੰਨੀ ਮਾਰ’ ਵਿਚ ਦਾਖ਼ਲ ਹੋ ਗਏ, ਜਿੱਥੇ ਪੈਟਰੋ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ ਅਪਰਾਧੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਪੈਟਰੋ ਦੀ ਪਿੱਠ ਵਿਚ ਲੱਗੀ ਅਤੇ ਅਪਰਾਧੀ ਕੈਸ਼ ਰਜਿਸਟਰ ਲੈ ਕੇ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਾਡੇਲਫੀਆ ਦੇ ਪੁਲਿਸ ਕਪਤਾਨ ਜੋਸ ਮੇਡੀਨਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਸੀ। ਕਰਮਚਾਰੀ ਦਾ ਕਤਲ ਕਰ ਦਿੱਤਾ ਗਿਆ। ਬੱਚੇ ਉਨ੍ਹਾਂ ਨੂੰ ਪਸੰਦ ਕਰਦੇ ਸਨ…। ਸੀ.ਬੀ.ਐੱਸ. ਨਿਊਜ਼ ਫਿਲਾਡੇਲਫੀਆ ਦੇ ਅਨੁਸਾਰ, ਪੈਟਰੋ ਮੂਲ ਰੂਪ ਵਿਚ ਭਾਰਤ ਦੇ ਰਹਿਣ ਵਾਲੇ ਸਨ ਅਤੇ ਹਾਲ ਹੀ ਵਿਚ ਵਿਦੇਸ਼ ਯਾਤਰਾ ਤੋਂ ਪਰਤੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਛੱਡ ਗਏ ਹਨ। ਐਕਸੋਨ ਪੈਟਰੋਲ ਪੰਪ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਕਰਮਚਾਰੀ ਦੇ ਕਤਲ ਤੋਂ ਬਾਅਦ ਸੁਰੱਖਿਆ ਗੇਟ ਲਗਾ ਰਹੇ ਹਨ। ਗੁਆਂਢੀਆਂ ਨੇ ਪੈਟਰੋ ਬਾਰੇ ਦੱਸਿਆ ਕਿ ਉਹ ਆਪਣੇ ਗਾਹਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਬਹੁਤ ਮਦਦਗਾਰ ਸੀ।