ਅਮਰੀਕਾ ’ਚ ਭਾਰਤੀ ਮੂਲ ਦੇ ਪਰਿਵਾਰ ਦੀ ਈਮਾਨਦਾਰੀ: 10 ਲੱਖ ਡਾਲਰ ਇਨਾਮ ਵਾਲੀ ਲਾਟਰੀ ਔਰਤ ਨੂੰ ਕੀਤੀ ਵਾਪਸ

265
Share

-ਔਰਤ ਬੇਕਾਰ ਸਮਝ ਕੇ ਸੁੱਟ ਗਈ ਸੀ ਲਾਟਰੀ ਦੀ ਟਿਕਟ
ਨਿਊਯਾਰਕ, 26 ਮਈ (ਪੰਜਾਬ ਮੇਲ)- ਅਮਰੀਕਾ ਦੇ ਮੈਸਾਚੁਸੇਟਸ ਰਾਜ ਵਿਚ ਭਾਰਤੀ ਮੂਲ ਦੇ ਇਕ ਪਰਿਵਾਰ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਪਰਿਵਾਰ ਨੇ ਇਕ ਔਰਤ ਨੂੰ ਉਸ ਦਾ ਲਾਟਰੀ ਟਿਕਟ ਵਾਪਸ ਕਰ ਦਿੱਤਾ, ਜਿਸ ਨੂੰ ਉਹ ਬੇਕਾਰ ਸਮਝ ਕੇ ਸੁੱਟ ਗਈ ਸੀ ਅਤੇ ਇਸ ਟਿਕਟ ਨੇ ਔਰਤ ਨੂੰ ਰਾਤੋ-ਰਾਤ ਲੱਖਪਤੀ ਬਣਾ ਦਿੱਤਾ। ਭਾਰਤੀ ਮੂਲ ਦੇ ਪਰਿਵਾਰ ਦੀ ਈਮਾਨਦਾਰੀ ਲਈ ਕਾਫੀ ਤਾਰੀਫ਼ ਹੋ ਰਹੀ ਹੈ।
ਲੀ ਰੋਜ਼ ਫਿਏਗਾ ਨੇ ਮਾਰਚ ਦੇ ਮਹੀਨੇ ਵਿਚ ‘ਲੱਕੀ ਸਟਾਪ’ ਨਾਮ ਦੀ ਦੁਕਾਨ ਤੋਂ ਲਾਟਰੀ ਦਾ ਇਕ ਟਿਕਟ ਖਰੀਦਿਆ ਸੀ। ਇਹ ਦੁਕਾਨ ਸਾਊਥਵਿਕ ਇਲਾਕੇ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਪਰਿਵਾਰ ਦੀ ਹੈ। ਔਰਤ ਅਕਸਰ ਇਸ ਦੁਕਾਨ ਤੋਂ ਟਿਕਟ ਖਰੀਦਦੀ ਸੀ। ਫਿਏਗਾ ਨੇ ਦੱਸਿਆ ਕਿ ਮੇਰਾ ਲੰਚ ਬ੍ਰੇਕ ਸੀ ਅਤੇ ਮੈਂ ਜਲਦੀ ਵਿਚ ਸੀ। ਮੈਂ ਜਲਦਬਾਜ਼ੀ ਵਿਚ ਟਿਕਟ ਦਾ ਨੰਬਰ ਸਕ੍ਰੈਚ ਕੀਤਾ ਅਤੇ ਉਸ ਨੂੰ ਦੇਖ ਕੇ ਲੱਗਿਆ ਕਿ ਮੇਰੀ ਲਾਟਰੀ ਨਹੀਂ ਨਿਕਲੀ ਹੈ, ਤਾਂ ਮੈਂ ਉਨ੍ਹਾਂ ਨੂੰ ਟਿਕਟ ਦੇ ਕੇ ਉਸ ਨੂੰ ਸੁੱਟਣ ਲਈ ਕਿਹਾ। ਔਰਤ ਨੇ ਜਲਦਬਾਜ਼ੀ ਵਿਚ ਟਿਕਟ ਪੂਰੀ ਤਰ੍ਹਾਂ ਸਕ੍ਰੈਚ ਨਹੀਂ ਕੀਤਾ ਸੀ ਅਤੇ ਇਹ ਟਿਕਟ ਬੇਕਾਰ ਟਿਕਟਾਂ ’ਚ 10 ਦਿਨ ਤੱਕ ਪਿਆ ਰਿਹਾ। ਇਸ ਮਗਰੋਂ ਦੁਕਾਨ ਦੇ ਮਾਲਕ ਦੇ ਬੇਟੇ ਅਭਿ ਸ਼ਾਹ ਦੀ ਨਜ਼ਰ ਉਸ ਟਿਕਟ ’ਤੇ ਗਈ।
ਅਭਿ ਨੇ ਦੱਸਿਆ, ‘‘ਇਕ ਸ਼ਾਮ ਮੈਂ ਬੇਕਾਰ ਪਏ ਟਿਕਟਾਂ ਨੂੰ ਦੇਖ ਰਿਹਾ ਸੀ ਅਤੇ ਮੈਂ ਦੇਖਿਆ ਕਿ ਔਰਤ ਨੇ ਠੀਕ ਨਾਲ ਨੰਬਰ ਸਕ੍ਰੈਚ ਨਹੀਂ ਕੀਤਾ ਹੈ। ਮੈਂ ਨੰਬਰ ਸਕ੍ਰੈਚ ਕੀਤਾ ਅਤੇ ਦੇਖਿਆ ਕਿ ਉਸ ਵਿਚ 10 ਲੱਖ ਡਾਲਰ ਦਾ ਇਨਾਮ ਹੈ।’’
ਫਿਏਗਾ ਨੇ ਕਿਹਾ, ‘‘ਅਭਿ ਮੈਨੂੰ ਬੁਲਾਉਣ ਆਇਆ ਤਾਂ ਮੈਂ ਕਿਹਾ ਕਿ ਮੈਂ ਕੰਮ ਕਰ ਰਹੀ ਹਾਂ ਪਰ ਉਸ ਨੇ ਕਿਹਾ ਕਿ ਨਹੀਂ ਤੁਹਾਨੂੰ ਆਉਣਾ ਹੋਵੇਗਾ, ਤਾਂ ਮੈਂ ਉੱਥੇ ਗਈ। ਉੱਥੇ ਪਹੁੰਚ ਕੇ ਮੈਨੂੰ ਪੂਰੀ ਗੱਲ ਪਤਾ ਚੱਲੀ। ਮੈਨੂੰ ਵਿਸ਼ਵਾਸ ਨਹੀਂ ਹੋਇਆ। ਮੈਂ ਰੋ ਪਈ ਅਤੇ ਉਨ੍ਹਾਂ ਨੂੰ ਗਲੇ ਲਗਾਇਆ।’’ ਭਾਰਤੀ ਮੂਲ ਦੇ ਪਰਿਵਾਰ ਦੇ ਇਸ ਕੰਮ ਲਈ ਉਨ੍ਹਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ।

Share