ਅਮਰੀਕਾ ’ਚ ਫਾਈਜ਼ਰ ਨੇ ਵੈਕਸੀਨ ਦੀ ਤੀਜੀ ਖੁਰਾਕ ਦੀ ਪ੍ਰਵਾਨਗੀ ਲਈ ਪ੍ਰੀਖਣ ਅੰਕੜੇ ਕੀਤੇ ਜਮ੍ਹਾਂ

411
Share

ਫਰਿਜ਼ਨੋ, 17 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੋਰੋਨਾ ਵੈਕਸੀਨ ਉਤਪਾਦਨ ਕੰਪਨੀ ਫਾਈਜ਼ਰ ਨੇ ਸੋਮਵਾਰ ਨੂੰ ਸਾਰੇ ਅਮਰੀਕੀਆਂ ਲਈ ਆਪਣੀ ਕੋਵਿਡ -19 ਵੈਕਸੀਨ ਦੀ ਤੀਜੀ ਖੁਰਾਕ ਲਈ ਪ੍ਰਸ਼ਾਸਨ ਤੋਂ ਅਧਿਕਾਰ ਲੈਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਅਮਰੀਕੀ ਸਿਹਤ ਅਧਿਕਾਰੀਆਂ ਨੂੰ ਵੈਕਸੀਨ ਦੇ ਮੁੱਢਲੇ ਕਲੀਨੀਕਲ ਅੰਕੜੇ ਜਮ੍ਹਾਂ ਕਰਵਾਏ ਹਨ। ਇਸ ਤੋਂ ਪਹਿਲਾਂ ਪਿਛਲੇ ਹਫਤੇ¿; ਅਮਰੀਕੀ ਸਰਕਾਰ ਨੇ ਕਮਜ਼ੋਰ ਇਮਿਊਨੀਟੀ ਅਤੇ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਫਾਈਜ਼ਰ-ਬਾਇਓਨਟੈਕ ਅਤੇ ਮੋਡਰਨਾ ਟੀਕਿਆਂ ਦੇ ਬੂਸਟਰ ਸ਼ਾਟ ਨੂੰ ਮਨਜ਼ੂਰੀ ਦਿੱਤੀ ਸੀ। ਫਾਈਜ਼ਰ ਨੇ ਆਪਣੇ ਪਹਿਲੇ ਪੜਾਅ ਦੀਆਂ ਅਜ਼ਮਾਇਸ਼ਾਂ ਦੇ ਨਤੀਜੇ ਪੇਸ਼ ਕੀਤੇ ਜਿਹਨਾਂ ਨੇ ਤੀਜੇ ਸ਼ਾਟ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੀ ਜਾਂਚ ਕੀਤੀ ਸੀ।
ਕੰਪਨੀ ਦੁਆਰਾ ਕੀਤੀਆਂ ਟ੍ਰਾਇਲਾਂ ਦੇ ਅੰਕੜੇ ਜਮ੍ਹਾਂ ਕਰਵਾਉਣ ਤੋਂ ਬਾਅਦ ਅਮਰੀਕੀ ਸੰਸਥਾ ਸੀ ਡੀ ਸੀ ਦੀ ਇੱਕ ਸਲਾਹਕਾਰ ਕਮੇਟੀ ਅਗਸਤ ਦੇ ਅਖੀਰ ਵਿੱਚ ਬੈਠਕ ਕਰੇਗੀ ਤਾਂ ਜੋ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਕੇਅਰ ਹੋਮ ਦੇ ਵਸਨੀਕਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਟੀਕੇ ਦੀ ਤੀਜੀ ਖੁਰਾਕ ਦੀ ਪ੍ਰਵਾਨਗੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਫਾਈਜ਼ਰ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਐਲਬਰਟ ਬੌਰਲਾ ਅਤੇ ਬਾਇਓਨਟੈਕ ਦੇ ਸਹਿ-ਸੰਸਥਾਪਕ ਉਗੁਰ ਸਾਹਿਨ ਅਨੁਸਾਰ ਵੈਕਸੀਨ ਦੀ ਬੂਸਟਰ ਖੁਰਾਕ ਉਨ੍ਹਾਂ ਲੋਕਾਂ ਵਿੱਚ ਕੋਰੋਨਾ ਦੀ ਲਾਗ ਅਤੇ ਬਿਮਾਰੀ ਦੀਆਂ ਦਰਾਂ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੀ ਹੈ ਜਿਨ੍ਹਾਂ ਨੂੰ ਪਹਿਲਾਂ ਕੋਰੋਨਾ ਟੀਕਾ ਲਗਾਇਆ ਗਿਆ ਹੈ।

Share