ਅਮਰੀਕਾ ‘ਚ ਫਸੇ ਹਜ਼ਾਰਾਂ ਭਾਰਤੀ ਵਿਸ਼ੇਸ਼ ਉਡਾਣਾਂ ਰਾਹੀਂ ਲਿਜਾਏ ਜਾਣਗੇ ਵਾਪਸ

840
Share

ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਂਮਾਰੀ ਕਾਰਨ ਲਗਾਈਆਂ ਪਾਬੰਦੀਆਂ ਕਾਰਨ ਅਮਰੀਕਾ ‘ਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇਸ ਹਫਤੇ ਸਾਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਤੋਂ ਵਿਸ਼ੇਸ਼ ਫਲਾਈਟਾਂ ਉਡਾਣ ਭਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਵਿਸ਼ੇਸ਼ ਜਹਾਜ਼ ਸਾਨ ਫਰਾਂਸਿਸਕੋ, ਨਿਊਯਾਰਕ, ਸ਼ਿਕਾਗੋ ਅਤੇ ਵਾਸ਼ਿੰਗਟਨ ਡੀ.ਸੀ. ਤੋਂ ਉਡਾਣ ਭਰ ਸਕਦੇ ਹਨ। ਕੋਰੋਨਾਵਾਇਰਸ ਮਹਾਂਮਾਰੀ ਕਾਰਨ ਲਗਾਈ ਗਈ ਯਾਤਰਾ ਪਾਬੰਦੀ ਕਾਰਨ ਅਮਰੀਕਾ ‘ਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਲੋਕਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਆਉਣ ਵਾਲੇ ਹਫ਼ਤਿਆਂ ‘ਚ ਉਡਾਣਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ। ਕਮਿਊਨਿਟੀ ਨੇਤਾਵਾਂ ਨੇ ਭਾਰਤ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ।
ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਿਦੇਸ਼ਾਂ ‘ਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣਾਂ ਰਾਹੀਂ ਸੁਵਿਧਾ ਦਿੱਤੀ ਜਾਵੇਗੀ, ਜੋ ਕਿ 7 ਮਈ ਤੋਂ ਪੜਾਅਬੱਧ ਤਰੀਕੇ ‘ਚ ਸ਼ੁਰੂ ਹੋਵੇਗੀ। ਅਮਰੀਕਾ ‘ਚ ਭਾਰਤੀ ਦੂਤਘਰਾਂ ਅਤੇ ਕੌਂਸਲੇਟਾਂ ਨੇ ਘਰ ਵਾਪਸ ਜਾਣ ਦੇ ਇਛੁੱਕ ਭਾਰਤੀਆਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਸੂਚੀ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਬਣਾਈ ਜਾ ਰਹੀ ਹੈ।
ਪਿਛਲੇ ਕੁਝ ਹਫਤਿਆਂ ਵਿਚ ਬਹੁਤ ਸਾਰੇ ਭਾਰਤੀਆਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ ਸੀ ਅਤੇ ਆਪਣੀਆਂ ਚਿੰਤਾਵਾਂ ਦੱਸੀਆਂ ਸਨ। ਦੂਤਘਰ ਵੱਲੋਂ ਸਥਾਪਤ ਕੀਤੀ ਗਈ ਹੈਲਪਲਾਈਨ ‘ਤੇ ਵੀ ਫੋਨ ਕਰਕੇ ਲੋਕਾਂ ਨੇ ਜਲਦੀ ਘਰ ਪਰਤਣ ਲਈ ਮਦਦ ਦੀ ਮੰਗ ਕੀਤੀ ਸੀ।


Share