ਅਮਰੀਕਾ ’ਚ ਪੰਜਾਬੀ ਟੈਕਸੀ ਚਾਲਕ ਦਾ ਕਤਲ

259
Share

-ਦੋ ਧੜਿਆਂ ਵਿਚਾਲੇ ਹੋਈ ਝੜਪ ਦੌਰਾਨ ਚਲਾਈਆਂ ਗੋਲੀਆਂ ’ਚੋਂ ਇਕ ਕੁਲਦੀਪ ਸਿੰਘ ਦੇ ਸਿਰ ’ਚ ਲੱਗੀ
ਨਿਊਯਾਰਕ, 15 ਸਤੰਬਰ (ਪੰਜਾਬ ਮੇਲ)- ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੋਗ ’ਚ ਡੁੱਬੇ ਕੁਲਦੀਪ ਸਿੰਘ ਦੇ ਪਿਤਾ ਬਹਾਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਸ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ। ਨਿਊਯਾਰਕ ਦੇ ਹਾਰਲਮ ਇਲਾਕੇ ’ਚ ਵਾਪਰੀ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ 2018 ’ਚ ਅਮਰੀਕਾ ਆਇਆ ਸੀ ਅਤੇ ਅੰਗਰੇਜ਼ੀ ਸਿੱਖਣ ਦੇ ਸਥਾਨਕ ਹਾਲਾਤ ’ਚ ਢਲਣ ਮਗਰੋਂ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ। ਪਰਿਵਾਰ ਨਾਲ ਸਲਾਹ ਕਰਨ ਮਗਰੋਂ ਕੁਲਦੀਪ ਸਿੰਘ ਟੈਕਸੀ ਚਲਾਉਣ ਲੱਗਾ ਅਤੇ ਕਮਾਊ ਪੁੱਤ ਬਣ ਗਿਆ। ਪਿਛਲੇ ਦਿਨੀਂ ਕੁਲਦੀਪ ਸਿੰਘ ਆਪਣੀ ਟੈਕਸੀ ਰਾਹੀਂ ਇਕ ਔਰਤ ਅਤੇ ਉਸ ਦੇ 12 ਸਾਲ ਦੇ ਬੇਟੇ ਨੂੰ ਛੱਡਣ ਜਾ ਰਿਹਾ ਸੀ ਕਿ ਹਾਰਲਮ ਦੀ 131ਵੀਂ ਸਟ੍ਰੀਟ ਅਤੇ ਫ਼ਰੈਡਰਿਕ ਡਗਲਸ ਬੁਲੇਵਾਰਡ ਵਿਖੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲ ਗਈਆਂ। ਅਪਰਾਧੀਆਂ ਵੱਲੋਂ ਚਲਾਈਆਂ ਗੋਲੀਆਂ ਵਿਚੋਂ ਇਕ ਕੁਲਦੀਪ ਸਿੰਘ ਦੇ ਸਿਰ ’ਚ ਲੱਗੀ ਅਤੇ ਉਸ ਦੀ ਟੈਕਸੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ। ਕੁਲਦੀਪ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਐਮਰਜੰਸੀ ਸਰਜਰੀ ਰਾਹੀਂ ਗੋਲੀ ਕੱਢਣ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਏ। ਤਿੰਨ ਦਿਨ ਬਾਅਦ ਕੁਲਦੀਪ ਸਿੰਘ ਦਮ ਤੋੜ ਗਿਆ।

Share