ਅਮਰੀਕਾ ‘ਚ ਪ੍ਰਦਰਸ਼ਨਕਾਰੀਆਂ ਨੇ 200 ਸਾਲ ਪੁਰਾਣੀ ਚਰਚ ‘ਚ ਲਗਾਈ ਅੱਗ

831

ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)- ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ‘ਚ ਵ੍ਹਾਈਟ ਹਾਊਸ ਦੇ ਨੇੜੇ ਸਥਿਤ 200 ਸਾਲ ਪੁਰਾਣੇ ਇਤਿਹਾਸਿਕ ਸੈਂਟ ਜੌਨਸ ਚਰਚ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਪਹਿਲਾਂ ਭੰਨ-ਤੋੜ ਕੀਤੀ ਗਈ ਅਤੇ ਫਿਰ ਅੱਗ ਲਗਾ ਦਿੱਤੀ ਗਈ। ਅਮਰੀਕਾ ‘ਚ ਜਾਰਜ ਫਲਾਇਡ ਦੀ ਮੌਤ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨ ਹੁਣ ਹਿੰਸਕ ਹੁੰਦੇ ਜਾ ਰਹੇ ਹਨ। ਕੋਲੰਬੀਆ ਦੇ ਜ਼ਿਲ੍ਹਾ ਦੇ ਮੈਟਰੋਪਾਲੀਟਨ ਪੁਲਿਸ ਵਿਭਾਗ ਨੇ ਟਵਿੱਟਰ ‘ਤੇ ਕਿਹਾ, ”ਇਹ ਚਰਚ ਸਾਡੇ ਇੱਥੇ 1800 ਦੇ ਦਹਾਕੇ ਤੋਂ ਹੈ। ਕ੍ਰਿਪਾ ਕਰਕੇ ਇਸ ਖੇਤਰ ਵਿਚ ਨਾ ਆਓ।” ਕੋਲੰਬੀਆ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ ਨੇ ਦੱਸਿਆ ਕਿ ਅੱਗ ਬੁਝਾਉਣ ‘ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੇ ਕੋਰੋਨਾਵਾਇਰਸ ਇਨਫੈਕਸ਼ਨ, ਗੈਰ ਗੋਰੇ ਵਿਅਕਤੀ ਦੀ ਮੌਤ ਦੇ ਬਾਅਦ ਕਈ ਰਾਜ਼ਾਂ ‘ਚ ਪ੍ਰਦਰਸ਼ਨ ਅਤੇ ਹੁਣ ਚਰਚ ‘ਚ ਅੱਗ ਅਮਰੀਕਾ ਵਿਚ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਪੁਲਸ ਵਿਰੁੱਧ ਜਾਰੀ ਪ੍ਰਦਰਸ਼ਨ ਹੁਣ ਅਮਰੀਕਾ ਦੇ 40 ਸ਼ਹਿਰਾਂ ਵਿਚ ਕਾਫੀ ਗੰਭੀਰ ਹੋ ਗਏ ਹਨ, ਜਿਸ ਦੇ ਬਾਅਦ ਕਰਫਿਊ ਲਗਾਇਆ ਗਿਆ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਦੇ ਨੇੜਲੀਆਂ ਕਈ ਥਾਵਾਂ ‘ਤੇ ਅੱਗਜ਼ਨੀ ਕੀਤੀ। ਇਸ ਵਿਚ ਵ੍ਹਾਈਟ ਹਾਊਸ ਦੇ ਨੇੜੇ ਸਥਿਤ ਇਤਿਹਾਸਿਕ ਸੈਂਟ ਜੌਨ ਐਪੀਸਕੋਪਲ ਚਰਚ ਨੂੰ ਵੀ ਕਥਿਤ ਤੌਰ ‘ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਗੌਰਤਲਬ ਹੈ ਕਿ ਸੈਂਟ ਜੌਨਸ ਐਪੀਸਕੋਪਲ ਚਰਚ ਦੁਨੀਆਂ ਭਰ ‘ਚ ਕਾਫੀ ਮਸ਼ਹੂਰ ਹੈ ਅਤੇ ਵਾਸ਼ਿੰਗਟਨ ਡੀ.ਸੀ. ਆਉਣ ਵਾਲੇ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਰਹਿੰਦੀ ਹੈ।