ਅਮਰੀਕਾ ’ਚ ਪੁਲਿਸ ਅਧਿਕਾਰੀ ਦੀ ਹੱਤਿਆ ਕਰਨ ਵਾਲੇ ਕਾਤਲ ਨੂੰ ਹੋਈ ਮੌਤ ਦੀ ਸਜ਼ਾ

417
Share

ਫਰਿਜ਼ਨੋ, 8 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਇੱਕ ਪੁਲਿਸ ਅਧਿਕਾਰੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਮੌਤ ਦੀ ਸਜਾ ਸੁਣਾਈ ਗਈ ਹੈ। ਇਸ ਮਾਮਲੇ ’ਚ ਟੈਕਸਾਸ ਦੇ ਇੱਕ ਵਿਅਕਤੀ ਨੂੰ 2016 ’ਚ ਇੱਕ ਸੈਨ ਐਂਟੋਨੀਓ ਪੁਲਿਸ ਅਧਿਕਾਰੀ ’ਤੇ ਹਮਲਾ ਕਰਕੇ ਕਤਲ ਕਰਨ ਲਈ ਦੋਸ਼ੀ ਠਹਿਰਾਉਣ ਦੇ ਬਾਅਦ ਸ਼ੁੱਕਰਵਾਰ ਰਾਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ 31 ਸਾਲਾ ਦੋਸ਼ੀ ਵਿਅਕਤੀ ਓਟਿਸ ਮੈਕਕੇਨ ਨੂੰ ਲਗਭਗ ਅੱਠ ਘੰਟਿਆਂ ਲਈ ਵਿਚਾਰ-ਵਟਾਂਦਰੇ ਕਰਨ ਤੋਂ ਬਾਅਦ ਬੇਕਸਰ ਕਾਉਂਟੀ ਦੀ ਜਿਊਰੀ ਨੇ ਮੌਤ ਦੀ ਸਜ਼ਾ ਸੁਣਾਈ। ਉਸਨੂੰ ਪਿਛਲੇ ਮਹੀਨੇ ਕਰੀਬ ਪੰਜ ਸਾਲ ਪਹਿਲਾਂ ਪੁਲਿਸ ਹੈੱਡਕੁਆਰਟਰ ਦੇ ਬਾਹਰ 50 ਸਾਲਾਂ ਡਿਟੈਕਟਿਵ ਬੈਂਜਾਮਿਨ ਮਾਰਕੋਨੀ ਦੀ ਹੱਤਿਆ ਦੇ ਲਈ ਦੋਸ਼ੀ ਪਾਇਆ ਗਿਆ ਸੀ। ਮਾਰਕੋਨੀ ਦੇ ਪਰਿਵਾਰ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੁਕੱਦਮੇ ਵਿਚ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਘਟਨਾ ਦੌਰਾਨ ਮਿ੍ਰਤਕ ਪੁਲਿਸ ਅਧਿਕਾਰੀ ਨਵੰਬਰ 2016 ’ਚ ਆਪਣੀ ਗਸ਼ਤ ਵਾਲੀ ਕਾਰ ਵਿਚ ਟ੍ਰੈਫਿਕ ਟਿਕਟ ਲਿਖ ਰਿਹਾ ਸੀ, ਜਿਸ ਦੌਰਾਨ ਮੈਕਕੇਨ ਵੱਲੋਂ ਉਸਨੂੰ ਗੋਲੀ ਮਾਰ ਦਿੱਤੀ ਗਈ ਸੀ। ਗੋਲੀਬਾਰੀ ਤੋਂ ਬਾਅਦ, ਮੈਕਕੇਨ ਨੇ ਕਿਹਾ ਕਿ ਉਹ ਅਦਾਲਤੀ ਪ੍ਰਣਾਲੀ ਤੋਂ ਨਾਰਾਜ਼ ਸੀ ਕਿਉਂਕਿ ਕਿਸੇ ਮਾਮਲੇ ਲਈ ਹਿਰਾਸਤ ਦੌਰਾਨ ਉਸਨੂੰ ਆਪਣੇ ਬੇਟੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜਿਊਰੀ ਨੇ ਇਸ ਕੇਸ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਕੇ ਅਖੀਰ ਮੌਤ ਦੀ ਸਜਾ ਦਾ ਆਪਣਾ ਫੈਸਲਾ ਸੁਣਾਇਆ।

Share