ਅਮਰੀਕਾ ’ਚ ਪਿਛਲੇ ਸਾਲ 5,800 ਤੋਂ ਵੱਧ ਡਾਕ ਕਰਮਚਾਰੀ ਹੋਏ ਕੁੱਤਿਆਂ ਦੁਆਰਾ ਹਮਲੇ ਦੇ ਸ਼ਿਕਾਰ

340
Share

ਫਰਿਜ਼ਨੋ, 16 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਡਾਕ ਵਿਭਾਗ ਅਤੇ ਇਸਦੇ ਕਰਮਚਾਰੀਆਂ ਦੀ ਸਾਡੇ ਜੀਵਨ ’ਚ ਬਹੁਤ ਮਹੱਤਤਾ ਹੈ, ਕਿਉਂਕਿ ਇਹ ਚਿੱਠੀ-ਪੱਤਰਾਂ ਨੂੰ ਸਾਡੇ ਤੱਕ ਪਹੁਚਾਉਂਦੇ ਹਨ। ਕਈ ਵਾਰ ਇਨ੍ਹਾਂ ਕਰਮਚਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਜਿਸ ਵਿਚ ਪਾਲਤੂ ਜਾਨਵਰਾਂ ਦੁਆਰਾ ਕੀਤੇ ਜਾਣ ਵਾਲੇ ਹਮਲੇ ਵੀ ਸ਼ਾਮਲ ਹਨ। ਅਜਿਹੇ ਹੀ ਹਮਲਿਆਂ ਦਾ ਸ਼ਿਕਾਰ ਪਿਛਲੇ ਸਾਲ 5,800 ਤੋਂ ਵੱਧ ਯੂ.ਐੱਸ. ਪੋਸਟਲ ਸਰਵਿਸ (ਯੂ.ਐੱਸ.ਪੀ.ਐੱਸ.) ਦੇ ਕਰਮਚਾਰੀ ਹੋਏ ਹਨ, ਜਿਨ੍ਹਾਂ ’ਤੇ ਕੁੱਤਿਆਂ ਨੇ ਹਮਲਾ ਕੀਤਾ ਹੈ। ਏਜੰਸੀ ਨੇ ਹਾਲ ਹੀ ਵਿਚ ਇਸ ਮੁੱਦੇ ਨੂੰ ਉਜਾਗਰ ਕਰਨ ਦੀ ਮੁਹਿੰਮ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਹੈ। ਯੂ.ਐੱਸ.ਪੀ.ਐੱਸ. ਨੇ ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿਚ ਦੱਸਿਆ ਕਿ ਕੁੱਤਿਆਂ ਦੁਆਰਾ ਵੱਢਣ ਅਤੇ ਭਿਆਨਕ ਹਮਲੇ ਡਾਕ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਗੰਭੀਰ ਖ਼ਤਰਾ ਹਨ। ਇਸ ਸਬੰਧੀ ਰਿਪੋਰਟ ਅਨੁਸਾਰ ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ ਵਿਚੋਂ, ਹਿਊਸਟਨ ਨੇ ਪਿਛਲੇ ਸਾਲ ਪੱਤਰ-ਕੈਰੀਅਰਾਂ ’ਤੇ ਕੁੱਤਿਆਂ ਦੇ ਸਭ ਤੋਂ ਵੱਧ 73 ਹਮਲੇ ਦਰਜ ਕੀਤੇ ਸਨ, ਜਿਸਦੇ ਬਾਅਦ ਸ਼ਿਕਾਗੋ ਅਤੇ ਲਾਸ ਏਂਜਲਸ ਕ੍ਰਮਵਾਰ 59 ਅਤੇ 54 ਦੀ ਗਿਣਤੀ ਦੇ ਨਾਲ ਇਸ ਸੂਚੀ ਵਿਚ ਦੂਜੇ ਅਤੇ ਤੀਜੇ ਸਥਾਨ ’ਤੇ ਸਨ। ਇਸ ਦੌਰਾਨ ਸਟੇਟ ਪੱਧਰ ’ਤੇ ਕੈਲੀਫੋਰਨੀਆ ਵਿਚ 2020 ’ਚ 782 ਕੁੱਤਿਆਂ ਦੇ ਸਭ ਤੋਂ ਵੱਧ ਹਮਲੇ ਹੋਏ ਅਤੇ ਨਿਊਯਾਰਕ ਵਿਚ 295 ਹਮਲੇ ਹੋਏ। ਇਸ ਸਬੰਧੀ ਵਿਭਾਗ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਕੀਤੀ ਇੱਕ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਕੁੱਤਿਆਂ ਦੇ ਮਾਲਕਾਂ ਨੂੰ ਸਮੱਸਿਆ ਨੂੰ ਘਟਾਉਣ ’ਚ ਸਹਾਇਤਾ ਕਰਨ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ।


Share