ਅਮਰੀਕਾ ’ਚ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਹੱਤਿਆਵਾਂ ’ਚ ਹੋਇਆ ਵਾਧਾ ਚਿੰਤਾ ਦਾ ਵਿਸ਼ਾ

247
Share

* ਜ਼ਿਆਦਾਤਰ ਹਿੰਸਾ ਜਾਣ ਪਛਾਣ ਵਾਲੇ ਲੋਕਾਂ ਵਿਚਾਲੇ ਹੋਈ
ਸੈਕਰਾਮੈਂਟੋ, 13 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਸਭ ਤੋਂ ਵਧ ਆਬਾਦੀ ਵਾਲੇ ਦੋ ਤਿਹਾਈ ਸ਼ਹਿਰਾਂ ’ਚ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਹੱਤਿਆਵਾਂ ਵਿਚ ਵਾਧਾ ਹੋਇਆ ਹੈ, ਜੋ ਚਿੰਤਾ ਦਾ ਕਾਰਨ ਹੈ। ਸੀ.ਐੱਨ.ਐੱਨ. ਵੱਲੋਂ 40 ਪ੍ਰਮੁੱਖ ਸ਼ਹਿਰਾਂ ’ਚ ਕਰਵਾਏ ਸਰਵੇ ’ਚ ਇਹ ਖੁਲਾਸਾ ਹੋਇਆ ਹੈ। ਅਮਰੀਕਾ ਦੇ ਘੱਟੋ-ਘੱਟ 9 ਸ਼ਹਿਰਾਂ ’ਚ 2020 ਦੀ ਤੁਲਨਾ ’ਚ 2021 ’ਚ ਹੱਤਿਆਵਾਂ ਦਾ ਰਿਕਾਰਡ ਟੁੱਟਾ ਹੈ, ਹਾਲਾਂਕਿ ਇਸ ਸਾਲ ਦੇ ਦੋ ਹਫਤੇ ਤੋਂ ਵਧ ਦਾ ਸਮਾਂ ਅਜੇ ਰਹਿੰਦਾ ਹੈ। ਫਿਲਾਡੈਲਫੀਆ ’ਚ ਇਸ ਸਾਲ 513 ਹੱਤਿਆਵਾਂ ਹੋਈਆਂ ਹਨ, ਜਦਕਿ ਇਸ ਤੋਂ ਪਹਿਲਾਂ ਇਸ ਸ਼ਹਿਰ ਵਿਚ 1990 ’ਚ ਸਭ ਤੋਂ ਵਧ ਹੱਤਿਆਵਾਂ 503 ਹੋਈਆਂ ਸਨ। ਇੰਡਿਆਨਾਪੋਲਿਸ ’ਚ 2021 ਦੌਰਾਨ 230 ਹੱਤਿਆਵਾਂ ਹੋਈਆਂ ਹਨ, ਜਦਕਿ ਪਿਛਲੇ ਸਾਲ 215 ਹੱਤਿਆਵਾਂ ਹੋਈਆਂ ਸਨ। ਆਸਟਿਨ ਵਿਚ ਇਸ ਸਾਲ 88 ਹੱਤਿਆਵਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਆਸਟਿਨ ਵਿਚ ਸਭ ਤੋਂ ਵਧ 59 ਹੱਤਿਆਵਾਂ 1984 ’ਚ ਹੋਈਆਂ ਸਨ। ਸਰਵੇ ਵਿਚ ਕਿਹਾ ਗਿਆ ਹੈ ਕਿ ਇਹ ਹੱਤਿਆਵਾਂ ਕਿਸੇ ਖਾਸ ਖੇਤਰ ਨਾਲ ਸਬੰਧਿਤ ਨਹੀਂ ਹਨ, ਬਲਕਿ ਸਮੁੱਚੇ ਅਮਰੀਕਾ ਨਾਲ ਸਬੰਧਿਤ ਹਨ। ਹੋਰ ਦੂਸਰੇ ਸ਼ਹਿਰ ਜਿਨ੍ਹਾਂ ’ਚ ਹੱਤਿਆਵਾਂ ਵਿਚ ਵਾਧਾ ਹੋਇਆ ਹੈ, ਉਨ੍ਹਾਂ ਵਿਚ ਲੂਇਸਵਿਲੇ, ਕੈਂਟੁਕੀ, ਕੋਲੰਬਸ, ਓਹੀਓ, ਨਿਊ ਮੈਕਸੀਕੋ, ਟਕਸਨ, ਐਰੀਜ਼ੋਨਾ, ਰੋਚੈਸਟਰ, ਨਿਊਯਾਰਕ, ਪੋਰਟਲੈਂਡ ਤੇ ਓਰੇਗਨ ਸ਼ਾਮਲ ਹਨ। ਲਾਸ ਏਂਜਲਸ ਵਿਚ ਇਸ ਸਾਲ ਹੁਣ ਤੱਕ ਰਿਕਾਰਡ 352 ਹੱਤਿਆਵਾਂ ਹੋਈਆਂ ਹਨ। ਸ਼ਿਕਾਗੋ ’ਚ 756 ਹੱਤਿਆਵਾਂ ਹੋਈਆਂ ਹਨ। ਲਾਸ ਏਂਜਲਸ ਤੇ ਸ਼ਿਕਾਗੋ ਵਿਚ ਪਿਛਲੇ ਸਾਲ ਦੀ ਤੁਲਨਾ ’ਚ ਹੱਤਿਆਵਾਂ ਵਿਚ ਕ੍ਰਮਵਾਰ 12% ਤੇ 4% ਦਾ ਵਾਧਾ ਹੋਇਆ ਹੈ। ਹਿਊਸਟਨ ਵਿਚ ਪਿਛਲੇ ਸਾਲ ਦੀ ਤੁਲਨਾ ’ਚ 18% ਵਧ ਲੋਕ ਨਿੱਜੀ ਰੰਜਿਸ਼ਾਂ ਜਾਂ ਹੋਰ ਕਾਰਨਾਂ ਕਰਕੇ ਮਾਰੇ ਗਏ। ਸਰਵੇ ਅਨੁਸਾਰ ਅਮਰੀਕਾ ਦੇ ਤਕਰੀਬਨ ਸਾਰੇ ਸ਼ਹਿਰਾਂ ’ਚ 2019 ਤੋਂ ਬਾਅਦ ਹੱਤਿਆਵਾਂ ’ਚ ਵਾਧਾ ਹੋਇਆ ਹੈ, ਜਦਕਿ ਪਿਛਲੇ ਸਾਲ ਤੋਂ ਬਾਅਦ ਇਹ ਵਾਧਾ ਤੇਜ਼ੀ ਨਾਲ ਹੋਇਆ ਹੈ। ਆਸਟਿਨ ਜਸਟਿਸ ਕੁਲੀਸ਼ਨ ਦੇ ਇਕ ਮੈਂਬਰ ਕਿ੍ਰਸ ਹੈਰਿਸ ਅਨੁਸਾਰ ਸ਼ਹਿਰ ਵਿਚ ਹਿੰਸਾ ਦੀਆਂ ਘਟਨਾਵਾਂ ਇਕ ਦੂਸਰੇ ਨੂੰ ਜਾਣਦੇ ਲੋਕਾਂ ਵਿਚਾਲੇ ਹੋਈਆਂ ਹਨ। ਇਹ ਇਕ ਖਤਰਨਾਕ ਗੱਲ ਹੈ ਕਿਉਂਕਿ ਵਿਵਾਦ ਵਾਲੇ ਮੁੱਦਿਆਂ ਨੂੰ ਹਿੰਸਾ ਦੀ ਬਜਾਏ ਸ਼ਾਂਤਮਈ ਢੰਗ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ। ਆਸਟਿਨ ਦੇ ਪੁਲਿਸ ਮੁਖੀ ਜੋਸਫ ਚਕੋਨ ਨੇ ਹਿੰਸਾ ’ਚ ਹੋਏ ਵਾਧੇ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਸਪੱਸ਼ਟ ਉੱਤਰ ਨਹੀਂ ਦਿੱਤਾ ਜਾ ਸਕਦਾ।

Share