ਅਮਰੀਕਾ ‘ਚ ਪਹਿਲੇ ਕੋਰੋਨਾ ਮਰੀਜ਼ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

935

ਵਾਸ਼ਿੰਗਟਨ, 27 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾਵਾਇਰਸ ਦੇ ਪਹਿਲੇ ਮਰੀਜ਼ ਦੀ ਪਛਾਣ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਾਇਰਸ ਦੀ ਪਹਿਲੀ ਸ਼ਿਕਾਰ ਹੋਈ ਮਹਿਲਾ ਦੀ ਮੌਤ ਹੋ ਚੁੱਕੀ ਹੈ। ਵਾਇਰਸ ਕਾਰਨ ਮਹਿਲਾ ਨੂੰ ਹਾਰਟ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਸਾਨ ਫਰਾਂਸਿਸਕੋ ਕ੍ਰਾਨੀਕਲ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਆਟਪਸੀ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਵਾਇਰਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ।
ਅਖਬਾਰ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਮਹਿਲਾ ਪੈਟ੍ਰੀਸੀਆ ਡਾਵਡ ਵਿਚ ਪਹਿਲੀ ਵਾਰ ਫਰਵਰੀ ਮਹੀਨੇ ਵਿਚ ਫਲੂ ਦੀ ਤਰ੍ਹਾਂ ਲੱਛਣ ਪਾਏ ਗਏ ਸਨ। 57 ਸਾਲਾ ਪੈਟ੍ਰੀਸੀਆ ਦੀ 6 ਫਰਵਰੀ ਨੂੰ ਮੌਤ ਹੋ ਗਈ ਸੀ। ਹੁਣ ਉਸ ਦੀ ਆਟਪਸੀ ਰਿਪੋਰਟ ਵਿਚ ਆਖਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਕੋਰੋਨਾਵਾਇਰਸ ਸੀ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ ਸੀ।
ਆਪਟਸੀ ਰਿਪੋਰਟ ਦੇਣ ਵਾਲੇ ਐਗਜ਼ਾਮਨਰ ਸੁਸਨ ਪਰਸਾਨ ਦਾ ਆਖਣਾ ਹੈ ਕਿ ਮਹਿਲਾ ਦੇ ਹਾਰਟ, ਫੇਫੜੇ ਅਤੇ ਇੰਟੇਸਟਾਈਨ ਤੱਕ ਕੋਰੋਨਾਵਾਇਰਸ ਪਹੁੰਚ ਚੁੱਕਿਆ ਸੀ। ਇਸ ਮਾਮਲੇ ‘ਤੇ ਮਾਹਿਰਾਂ ਦਾ ਆਖਣਾ ਹੈ ਕਿ ਇਹ ਆਪਣੇ-ਆਪ ਵਿਚ ਅਲੱਗ ਮਾਮਲਾ ਹੈ। ਇਸ ਵਿਚ ਬਿਲਕੁਲ ਨਾਰਮਲ ਹਾਰਟ ਫੱਟ ਕੇ ਅਲੱਗ ਹੋ ਗਿਆ। ਆਮ ਤੌਰ ‘ਤੇ ਹਾਰਟ ਫੱਟ ਕੇ ਅਲੱਗ ਨਹੀਂ ਹੁੰਦਾ। ਵਾਇਰਸ ਰੋਗਾਂ ਦੀ ਮਾਹਿਰ ਡਾਕਟਰ ਡ੍ਰੇਨਾ ਗ੍ਰੇਸਨ ਨੇ ਆਖਿਆ ਹੈ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਵਾਇਰਸ ਨੇ ਹਾਰਟ ਨੂੰ ਨੁਕਸਾਨ ਪਹੁੰਚਾਇਆ। ਇਸ ਕਾਰਨ ਮਹਿਲਾ ਨੂੰ ਹਾਰਟ ਅਟੈਕ ਆਇਆ।