ਆਸਟਿਨ, 5 ਜਨਵਰੀ (ਪੰਜਾਬ ਮੇਲ)- ਅਮਰੀਕਾ ’ਚ ਟੈਕਸਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਗਾਰਡ ਦੇ ਹਜ਼ਾਰਾਂ ਮੈਂਬਰ ਕੋਵਿਡ-19 ਵਿਰੋਧੀ ਟੀਕੇ ਲੈਣ ਤੋਂ ਇਨਕਾਰ ਕਰ ਰਹੇ ਹਨ। ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਇਹ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਉਸ ਆਦੇਸ਼ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਹੈ, ਜਿਸ ਵਿਚ ਫ਼ੌਜ ਦੇ ਸਾਰੇ ਮੈਂਬਰਾਂ ਲਈ ਟੀਕਾਕਰਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ।
ਓਕਲਾਹੋਮਾ ਦੇ ਗਵਰਨਰ ਦੀ ਅਜਿਹੀ ਚੁਣੌਤੀ ਨੂੰ ਇੱਕ ਸੰਘੀ ਜੱਜ ਵੱਲੋਂ ਖਾਰਜ ਕਰਨ ਦੇ ਇਕ ਹਫ਼ਤੇ ਬਾਅਦ ਪੈਕਸਟਨ ਨੇ ਮੰਗਲਵਾਰ ਨੂੰ ਮੁਕੱਦਮਾ ਦਾਇਰ ਕੀਤਾ। ਇਹ ਮੁਕੱਦਮਾ ਗਾਰਡ ਦੇ ਮੈਂਬਰਾਂ ਲਈ ਟੀਕੇ ਲਗਾਉਣ ਨੂੰ ਲਾਜ਼ਮੀ ਬਣਾਉਣ ਲਈ ਰਿਪਬਲਿਕਨ ਪਾਰਟੀ ਦੇ ਵੱਧ ਰਹੇ ਵਿਰੋਧ ਦੇ ਵਿਚਕਾਰ ਦਾਇਰ ਕੀਤਾ ਗਿਆ ਹੈ। ਨੈਸ਼ਨਲ ਗਾਰਡ ਦੇ ਟੈਕਸਾਸ ’ਚ 20,000 ਤੋਂ ਵੱਧ ਮੈਂਬਰ ਹਨ, ਜੋ ਕਿਸੇ ਵੀ ਰਾਜ ਵਿਚ ਤਾਇਨਾਤ ਸਭ ਤੋਂ ਵੱਡੀ ਟੁਕੜੀ ਹੈ। ਪੂਰਬੀ ਟੈਕਸਾਸ ਦੀ ਇੱਕ ਸੰਘੀ ਅਦਾਲਤ ਵਿਚ ਦਾਇਰ ਮੁਕੱਦਮੇ ਮੁਤਾਬਕ ਇਸਦੇ ਲਗਭਗ 40 ਪ੍ਰਤੀਸ਼ਤ ਆਰਮੀ ਨੈਸ਼ਨਲ ਗਾਰਡ ਮੈਂਬਰ ਧਾਰਮਿਕ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਕੋਵਿਡ-19 ਵਿਰੋਧੀ ਟੀਕੇ ਲੈਣ ਤੋਂ ਇਨਕਾਰ ਕਰ ਰਹੇ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਟੈਕਸਾਸ ਗਾਰਡ ਦੇ 200 ਤੋਂ ਵੱਧ ਏਅਰਮੈਨ ਵੀ ਟੀਕਾਕਰਨ ਤੋਂ ਇਨਕਾਰ ਕਰ ਰਹੇ ਹਨ। ਰੱਖਿਆ ਸਕੱਤਰ ਲੋਇਡ ਆਸਟਿਨ ਦੇ ਫ਼ੌਜ ਦੇ ਸਾਰੇ ਮੈਂਬਰਾਂ ਲਈ ਟੀਕੇ ਲਾਜ਼ਮੀ ਬਣਾਉਣ ਦੇ ਫ਼ੈਸਲੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਕਸਾਸ ਵਿਚ ਇਕ ਹੋਰ ਸੰਘੀ ਜੱਜ ਨੇ ਸੋਮਵਾਰ ਨੂੰ 35 ਨੇਵੀ ਮਲਾਹਾਂ ਦੇ ਖ਼ਿਲਾਫ਼ ਕਾਰਵਾਈ ਨੂੰ ਰੋਕਣ ਦਾ ਹੁਕਮ ਦਿੱਤਾ, ਜੋ ਧਾਰਮਿਕ ਆਧਾਰ ’ਤੇ ਹੁਕਮ ਮੰਨਣ ਤੋਂ ਇਨਕਾਰ ਕਰ ਰਹੇ ਹਨ।