ਅਮਰੀਕਾ ’ਚ ਨਵੇਂ ਰਾਸ਼ਟਰਪਤੀ ਦੇ ਸਵਾਗਤ ਦੀਆਂ ਤਿਆਰੀਆਂ ਜਾਰੀ

561
-ਬਾਇਡਨ ਦੀ ਤਾਜਪੋਸ਼ੀ ਸਮੇਂ ਟਰੰਪ ਨਹੀਂ ਕਰਨਗੇ ਬਾਇਡਨ ਦਾ ਸਵਾਗਤ
ਵਾਸ਼ਿੰਗਟਨ, 20 ਜਨਵਰੀ (ਪੰਜਾਬ ਮੇਲ)- 20 ਜਨਵਰੀ ਨੂੰ ਜੋਅ ਬਾਇਡਨ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੇਗੀ। ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਆਉਣ ਵਾਲੀ ਪਹਿਲੀ ਔਰਤ ਹੋਵੇਗੀ। ਇਸ ਇਤਿਹਾਸਕ ਸਮੇਂ ਲਈ ਅਮਰੀਕਾ ’ਚ ਤਿਆਰੀਆਂ ਜਾਰੀ ਹਨ।
ਵਾਸ਼ਿੰਗਟਨ ਡੀ.ਸੀ. ’ਚ ਤਾਲਾਬੰਦੀ ਹੈ ਤੇ ਵਧੇਰੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਕਿ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਸਕੇ। ਬੀਤੇ ਦਿਨੀਂ ਅਮਰੀਕਾ ਨੇ ਨੈਸ਼ਨਲ ਮਾਲ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ ਤੇ ਨਵੇਂ ਰਾਸ਼ਟਰਪਤੀ ਦੇ ਸਵਾਗਤ ਦੀ ਤਿਆਰੀ ਕੀਤੀ ਗਈ ਹੈ। ਇੱਥੇ ਤਕਰੀਬਨ 2 ਲੱਖ ਤੋਂ ਵੱਧ ਅਮਰੀਕੀ ਝੰਡਿਆਂ ਨੂੰ ਲਗਾਇਆ ਗਿਆ, ਜੋ ਕਿ ਰਾਸ਼ਟਰੀ ਮਾਲ ਤੋਂ ਕੈਪੀਟਲ ਬਿਲਡਿੰਗ ਤੱਕ ਸਨ। ਅਸਲ ਵਿਚ ਜੋਅ ਬਾਇਡਨ-ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਦੀ ਥੀਮ ਅਮਰੀਕਾ ਯੂਨਾਈਟਿਡ ਹੈ ਅਤੇ ਇਸ ਤਰ੍ਹਾਂ ਅਮਰੀਕੀ ਝੰਡਿਆਂ ਦਾ ਪ੍ਰਦਰਸ਼ਨ ਉਸ ਦਾ ਹਿੱਸਾ ਹੈ। ਹਾਲਾਂਕਿ ਪ੍ਰੋਗਰਾਮ ਦਾ ਪ੍ਰਸਾਰਣ ਡਿਜੀਟਲੀ ਤੌਰ ’ਤੇ ਕੀਤਾ ਜਾਵੇਗਾ। ਲੇਡੀ ਗਾਗਾ, ਜੈਨੀਫਰ ਲੋਪੇਜ ਵਰਗੇ ਪੋਪ ਸਟਾਰ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਉਣਗੇ।
ਜ਼ਿਕਰਯੋਗ ਹੈ ਕਿ ਜੋਅ ਬਾਇਡਨ ਦੀ ਤਾਜਪੋਸ਼ੀ ਸਮੇਂ ਟਰੰਪ ਵ੍ਹਾਈਟ ਹਾਊਸ ਵਿਚ ਮੌਜੂਦ ਨਹੀਂ ਹੋਣਗੇ। ਅਸਲ ਵਿਚ ਹੁਣ ਤੱਕ ਅਮਰੀਕਾ ’ਚ ਪੁਰਾਣਾ ਰਾਸ਼ਟਰਪਤੀ ਦਾ ਵ੍ਹਾਈਟ ਹਾਊਸ ਵਿਚ ਸਵਾਗਤ ਕਰਦਾ ਹੈ ਤੇ ਰਾਸ਼ਟਰਪਤੀ ਦੀ ਕੁਰਸੀ ’ਤੇ ਬੈਠਾਉਂਦਾ ਹੈ।