ਅਮਰੀਕਾ ’ਚ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ : ਬਾਇਡਨ

574
* ਮਰਨ ਵਾਲਿਆਂ ਦੀ ਗਿਣਤੀ 60 ਹੋਈ, 8 ਰਾਜ ਹੋਏ ਪ੍ਰਭਾਵਿਤ
ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੁਸਿਆਨਾ ਤੇ ਹੋਰ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਤੁਹਾਡੀ ਹਰ ਸੰਭਵ ਸਹਾਇਤਾ ਤੇ ਸਹਿਯੋਗ ਕੀਤਾ ਜਾਵੇਗਾ। ਰਾਸ਼ਟਰਪਤੀ ਲੁਸਿਆਨਾ ਦੇ ਗਵਰਨਰ ਜੌਹਨ ਬੈਲ ਐਡਵਰਡਜ਼ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਮਿਲੇ। ਉਨ੍ਹਾਂ ਨੇ ਤੂਫਾਨ ਨਾਲ ਹੋਏ ਨੁਕਸਾਨ ਤੇ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਅਸੀਂ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਪਿੱਠ ’ਤੇ ਖੜ੍ਹੇ ਹਾਂ। ਉਨਾਂ ਨੇ ਭਵਿੱਖ ’ਚ ਤੂਫਾਨਾਂ ਦੇ ਮੁਕਾਬਲੇ ਲਈ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਉਪਰ ਜ਼ੋਰ ਦਿੱਤਾ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਬੀਮਾ ਕੰਪਨੀਆਂ ’ਤੇ ਦਬਾਅ ਪਾਵੇਗਾ ਕਿ ਉਹ ਤੂਫਾਨ ਕਾਰਨ ਉਖੜੇ ਲੋਕਾਂ ਦੇ ਰਹਿਣ-ਸਹਿਣ ਦਾ ਖਰਚਾ ਝੱਲਣ।
ਅਮਰੀਕਾ ਦੇ 8 ਰਾਜ ਈਡਾ ਤੂਫਾਨ ਤੇ ਮੋਹਲੇਧਾਰ ਪਈ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਤੂਫਾਨ ਤੇ ਹੜ੍ਹ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ 60 ਤੋਂ ਟੱਪ ਗਈ ਹੈ। ਇਕ ਦਮ ਵਧੇ ਪਾਣੀ ਕਾਰਨ ਬਹੁਤ ਸਾਰੇ ਵਿਅਕਤੀ ਆਪਣੀਆਂ ਕਾਰਾਂ ਵਿਚ ਹੀ ਘਿਰ ਗਏ ਤੇ ਕਾਰਾਂ ਦੇ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।¿; ਕਈ ਲੋਕ ਦਰੱਖਤਾਂ ਦੇ ਡਿੱਗਣ ਕਾਰਨ ਉਨ੍ਹਾਂ ਦੇ ਹੇਠਾਂ ਆ ਕੇ ਮਾਰੇ ਗਏ। ਸਭ ਤੋਂ ਵਧ 25 ਮੌਤਾਂ ਨਿਊਜਰਸੀ ’ਚ ਹੋਈਆਂ ਹਨ। ਨਿਊਯਾਰਕ ’ਚ ਘੱਟੋ-ਘੱਟ 16 ਵਿਅਕਤੀ ਮਾਰੇ ਗਏ ਹਨ।
ਪੈਨਸਿਲਵੇਨੀਆ, ਮੈਰੀਲੈਂਡ, ਕੋਨੈਕਟੀਕਟ, ਲੁਸਿਆਨਾ, ਮਿਸੀਸਿਪੀ ਤੇ ਅਲਬਾਮਾ ਵਿਚ ਵੀ ਤੂਫਾਨ ਕਾਰਨ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ ਪਰੰਤੂ ਅਜੇ ਮੌਤਾਂ ਦੀ ਅਸਲ ਗਿਣਤੀ ਬਾਰੇ ਪਤਾ ਲਾਇਆ ਜਾ ਰਿਹਾ ਹੈ। ਇਕ ਪੁਲਿਸ ਸਾਰਜੈਂਟ ਉਸ ਵੇਲੇ ਮਾਰਿਆ ਗਿਆ, ਜਦੋਂ ਉਸ ਦੀ ਕਸ਼ਤੀ ਹੜ੍ਹ ਦੇ ਪਾਣੀ ਵਿਚ ਰੁੜ ਗਈ। ਲੁਸਿਆਨਾ ਦੇ 4 ਨਰਸਿੰਗ ਕੇਂਦਰਾਂ ’ਚ ਕਾਰਬਨ ਮੋਨੋਆਕਸਾਈਡ ਜ਼ਹਿਰ ਨਾਲ ਵੀ ਮੌਤਾਂ ਹੋਣ ਦੀ ਰਿਪੋਰਟ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਇਨਾਂ ਕੇਂਦਰਾਂ ’ਚ 3 ਮੌਤਾਂ ਤੂਫਾਨ ਕਾਰਨ ਹੋਣ ਦੀ ਰਿਪੋਰਟ ਹੈ।
10 ਦਿਨਾਂ ਬਾਅਦ ਬਿਜਲੀ ਦੇ ਦਰਸ਼ਨ ਹੋਏ : ਲੁਸਿਆਨਾ ਵਿਚ ਤਕਰੀਬਨ ਸਮੁੱਚੇ ਓਰਲੀਨਜ ’ਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਈਡਾ ਤੂਫਾਨ ਵੱਲੋਂ ਬਿਜਲੀ ਗਰਿੱਡਾਂ ਨੂੰ ਪਹੁੰਚਾਏ ਨੁਕਸਾਨ ਕਾਰਨ ਲੁਸਿਆਨਾ ਵਿਚ ਪਿਛਲੇ 10 ਦਿਨਾਂ ਤੋਂ 10 ਲੱਖ ਤੋਂ ਵਧ ਲੋਕ ਬਿਜਲੀ ਤੋਂ ਬਿਨਾਂ ਦਿਨ ਕਟੀ ਕਰਨ ਲਈ ਮਜਬੂਰ ਸਨ।